ਚੰਡੀਗੜ੍ਹ (ਸਾਰਾ ਯਹਾਂ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਅੱਜ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪਹਿਲੀ ਵਾਰ ਮੀਟਿੰਗ ਕਰਨਗੇ। ਉਹ ਪ੍ਰਧਾਨ ਮੰਤਰੀ ਕੋਲ ਝੋਨੇ ਦੀ ਖਰੀਦ 11 ਅਕਤੂਬਰ ਤੱਕ ਟਾਲਣ ਦਾ ਮਾਮਲਾ ਉਠਾਉਣਗੇ। ਕੇਂਦਰ ਸਰਕਾਰ ਨੇ ਨਮੀ ਵੱਧ ਹੋਣ ਕਾਰਨ ਝੋਨੇ ਦੀ ਸਰਕਾਰੀ ਖਰੀਦ 11 ਅਕਤੂਬਰ ਤੱਕ ਟਾਲ ਦਿੱਤੀ ਹੈ।
ਮੁੱਖ ਮੰਤਰੀ ਚਰਨਜੀਤ ਚੰਨੀ ਦਿੱਲੀ ਰਵਾਨਾ ਹੋ ਗਏ ਹਨ। ਉਹ ਪ੍ਰਧਾਨ ਮੰਤਰੀ ਮੋਦੀ ਨੂੰ ਮਿਲ ਕੇ 1 ਅਕਤੂਬਰ ਤੋਂ ਰਾਜ ਵਿੱਚ ਝੋਨੇ ਦੀ ਖਰੀਦ ਲਈ ਕਹਿਣਗੇ। ਚੰਨੀ ਦੇ ਮੁੱਖ ਮੰਤਰੀ ਬਣਨ ਬਾਅਦ ਮੋਦੀ ਨਾਲ ਉਨ੍ਹਾਂ ਦੀ ਇਹ ਪਹਿਲੀ ਮੁਲਾਕਾਤ ਹੋਵੇਗੀ। ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਚੰਨੀ ਪਾਰਟੀ ਅੰਦਰਲੇ ਕਲੇਸ਼ ਦੇ ਮੱਦੇਨਜ਼ਰ ਸੀਨੀਅਰ ਕਾਂਗਰਸੀ ਨੇਤਾਵਾਂ ਨੂੰ ਮਿਲਣਗੇ।
ਦੱਸ ਦਈਏ ਕਿ ਪੰਜਾਬ ਕਾਂਗਰਸ ‘ਚ ਕਾਟੋ-ਕਲੇਸ਼ ਅਜੇ ਵੀ ਖ਼ਤਮ ਨਹੀਂ ਹੋਇਆ। ਆਏ ਦਿਨ ਨਵੇਂ ਕਲੇਸ਼ ਤੇ ਨਵੀਂਆਂ ਚਰਚਾਵਾਂ ਸੁਣਨ ਨੂੰ ਮਿਲ ਰਹੀਆਂ ਹਨ। ਪਹਿਲਾਂ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਉਣ ਨੂੰ ਲੈ ਕੇ ਹੋਈ ਤਕਰਾਰ, ਫਿਰ ਕੈਪਟਨ ਦਾ ਅਸਤੀਫਾ ਤੇ ਹੁਣ ਚੰਨੀ ਦੇ ਕੁਝ ਫੈਸਲਿਆਂ ਤੋਂ ਬਾਅਦ ਪ੍ਰਧਾਨਗੀ ਅਹੁਦੇ ਤੋਂ ਸਿੱਧੂ ਦਾ ਅਸਤੀਫਾ।
ਹੁਣ ਪਾਰਟੀ ਨਾਰਾਜ਼ ਨਵਜੋਤ ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੱਲ੍ਹ, ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਰੀਸ਼ ਚੌਧਰੀ ਸਣੇ ਨਵਜੋਤ ਸਿੱਧੂ ਨਾਲ ਕਰੀਬ ਦੋ ਘੰਟੇ ਮੀਟਿੰਗ ਕੀਤੀ। ਹੁਣ ਸੀਐਮ ਚੰਨੀ ਦਿੱਲੀ ਗਏ ਹਨ, ਜਿੱਥੇ ਉਹ ਪਾਰਟੀ ਹਾਈ ਕਮਾਂਡ ਨਾਲ ਇਸ ਮੀਟਿੰਗ ਵਿੱਚ ਹੋਈ ਗੱਲਬਾਤ ਬਾਰੇ ਚਰਚਾ ਕਰਨਗੇ।