
ਮਾਨਸਾ, 19 ਅਗਸਤ (ਸਾਰਾ ਯਹਾਂ =ਬੀਰਬਲ ਧਾਲੀਵਾਲ) : :
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਵਰਚੂਅਲ ਸਮਾਗਮ ਜ਼ਰੀਏ ਰਾਜ ਦਾਖ਼ਲਾ ਪੋਰਟਲ ਦੇ ਨਾਲ-ਨਾਲ ਏਕੀਕ੍ਰਿਤ ਰਾਜ ਹੈਲਪਲਾਈਨ ‘1100’ ਦੀ ਸ਼ੁਰੂਆਤ ਕਰਵਾਈ ਗਈ ਜਿਸਦਾ ਸਿੱਧਾ ਪ੍ਰਸਾਰਣ ਆਨਲਾਈਨ ਮਾਧਿਅਮਾਂ ਜ਼ਰੀਏ ਪੂਰੇ ਸੂਬੇ ’ਚ ਪ੍ਰਸਾਰਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਤੋਂ ਵਰਚੂਅਲ ਸਮਾਗਮ ’ਚ ਸ਼ਮੂਲੀਅਤ ਕਰਦਿਆਂ ਵਿਧਾਇਕ ਸ੍ਰ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਅੱਜ ਸ਼ੁਰੂ ਕੀਤੇ ਗਏ ਰਾਜ ਦਾਖ਼ਲਾ ਪੋਰਟਲ ਰਾਹੀਂ ਪੂਰੇ ਪੰਜਾਬ ਦੇ ਜ਼ਿਆਦਾਤਰ ਸਰਕਾਰੀ ਕਾਲਜਾਂ ’ਚ ਦਾਖ਼ਲੇ ਲਈ ਵਿਦਿਆਰਥੀ ਇਸ ਪੋਰਟਲ ਜ਼ਰੀਏ ਘਰ ਬੈਠੇ ਹੀ ਬਿਨੈ ਕਰ ਸਕਣਗੇ। ਉਨਾਂ ਦੱਸਿਆ ਕਿ ਇਸ ਪੋਰਟਲ ਨੂੰ ਡਿਜੀਲਾਕਰ ਨਾਲ ਲਿੰਕ ਕੀਤਾ ਗਿਆ ਹੈ ਜਿਸ ‘ਚੋਂ ਸਬੰਧਤ ਵਿਦਿਆਰਥੀ ਆਨਲਾਈਨ ਹੀ ਆਪਣੇ ਲੋੜੀਂਦੇ ਦਸਤਾਵੇਜ਼ ਦਾਖ਼ਲੇ ਲਈ ਅਪਲੋਡ ਕਰ ਸਕੇਗਾ। ਉਨਾਂ ਕਿਹਾ ਕਿ ਇਸ ਪ੍ਰਕਿਰਿਆ ’ਚ ਕਿਸੇ ਵੀ ਦਸਤਾਵੇਜ਼ ਦੇ ਨਿੱਜੀ ਤਸਦੀਕੀਕਰਨ ਦੀ ਕੋਈ ਲੋੜ ਨਹੀਂ ਹੋਵੇਗੀ।
ਉਨ੍ਹਾਂ ਨੇ ਦੱਸਿਆ ਕਿ ਏਕੀਕਿ੍ਰਤ ਰਾਜ ਹੈਲਪਲਾਈਨ ‘1100’ ਵੀ ਨਾਗਰਿਕਾਂ ਲਈ ਸਰਕਾਰ ਦੀਆਂ ਗ਼ੈਰ-ਐਮਰਜੈਂਸੀ ਸੇਵਾਵਾਂ ਤੱਕ ਸੁਖਾਲੀ ਪਹੁੰਚ ਬਣਾਉਣ ਹਿੱਤ ਇੱਕ ਨੰਬਰ ਹੈ ਜਿਸ ’ਤੇ ਸੰਪਰਕ ਕਰਕੇ ਕੋਈ ਵੀ ਨਾਗਰਿਕ ਸੇਵਾਵਾਂ ਬਾਰੇ ਆਮ ਗੱਲਾਂ ਤੋਂ ਲੈ ਕੇ ਲਾਭ ਲੈਣ ਤੱਕ ਪੂਰੀ ਜਾਣਕਾਰੀ ਹਾਸਲ ਕਰ ਸਕੇਗਾ। ਉਨਾਂ ਦੱਸਿਆ ਕਿ ਇਸ ਨੰਬਰ ’ਤੇ ਏਕੀਕ੍ਰਿਤ ਸ਼ਿਕਾਇਤ ਅਤੇ ਸੇਵਾ ਪ੍ਰਬੰਧਨ ਲਈ ਕੇਂਦਰਿਤ ਪਲੇਟਫ਼ਾਰਮ ਬਣਾਇਆ ਗਿਆ ਹੈ ਜਿਸ ਦਾ ਅਸਲ ਮਕਸਦ ਕੁਸ਼ਲ ਪ੍ਰਸ਼ਾਸਨ ਹੈ। ਉਨਾਂ ਦੱਸਿਆ ਕਿ ਇਸ ਹੈਲਪਲਾਈਨ ਨੰਬਰ ਰਾਹੀਂ ਸ਼ਿਕਾਇਤਾਂ ਦੀ ਅਸਲ ਜਾਣਕਾਰੀ ਤੋਂ ਇਲਾਵਾ ਸ਼ਿਕਾਇਤਾਂ ਦੇ ਨਿਪਟਾਰੇ ਲਈ ਮੈਨੂਅਲ ਫ਼ਾਈਲ ਪ੍ਰੋਸੈਸਿੰਗ ਦੇ ਖ਼ਾਤਮੇ ਨੂੰ ਤਰਜੀਹ ਦਿੱਤੀ ਗਈ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਅੱਜ ਸ਼ੁਰੂ ਕੀਤੀਆਂ ਗਈਆਂ ਸੇਵਾਵਾਂ ‘ਡਿਜੀਟਲ ਪੰਜਾਬ’ ਵੱਲ ਨਿਵੇਕਲੀਆਂ ਪਹਿਲਕਦਮੀਆਂ ਸਾਬਤ ਹੋਣਗੀਆਂ ਕਿਉਕਿ ਕੋਵਿਡ ਮਹਾਂਮਾਰੀ ਦੇ ਔਖੇ ਵੇਲੇ ਇੱਕ ਕਾਲ ਜਾਂ ਇੱਕ ਕਲਿੱਕ ਜ਼ਰੀਏ ਸਰਕਾਰ ਦੀਆਂ ਸੇਵਾਵਾਂ ਦਾ ਲਾਭ ਕਿਸੇ ਵੀ ਵਿਅਕਤੀ ਦੇ ਸਰੀਰਕ ਸੰਪਰਕ ’ਚ ਆਏ ਬਗੈਰ ਲੈ ਸਕਣਗੇ। ਉਨਾਂ ਕਿਹਾ ਕਿ ਰਾਜ ਦਾਖ਼ਲਾ ਪੋਰਟਲ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਨੂੰ ਘਟਾਉਣ ਦੇ ਨਾਲ-ਨਾਲ ਉਨਾਂ ਦੀ ਸੁਰੱਖਿਆ ਯਕੀਨੀ ਬਣਾਉਣ ’ਚ ਵੱਡੀ ਮਦਦ ਕਰੇਗਾ ਕਿਉਕਿ ਦਾਖ਼ਲਿਆਂ ਮੌਕੇ ਹੀ ਕਾਲਜਾਂ ’ਚ ਵਧੇਰੇ ਇਕੱਠ ਹੋਣ ਦੀ ਸੰਭਾਵਨਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਪਾਰਦਰਸ਼ੀ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਠੋਸ ਕਦਮ ਪੁੱਟ ਰਹੀ ਹੈ ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ।
ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀ ਹਰਜਿੰਦਰ ਸਿੰਘ ਜੱਸਲ ਤੋੰ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
