
ਮਾਨਸਾ,30 ਸਤੰਬਰ (ਸਾਰਾ ਯਹਾ/ਹੀਰਾ ਸਿੰਘ ਮਿੱਤਲ) :ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਦੇ ਮੁੱਖ ਅਧਿਆਪਕ ਚਰਨਜੀਤ ਸਿੰਘ ਦੀ ਸੇਵਾ ਮੁਕਤੀ ਮੌਕੇ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਕੂਲ ਸਟਾਫ ਵੱਲੋਂ ਸੋਨੇ ਦੀ ਮੁੰਦਰੀ ਨਾਲ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੰਦਿਆਂ ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਦੇ ਅਧਿਆਪਕਾਂ ਲਈ ਕੀਤੇ ਹੱਕੀ ਸੰਘਰਸ਼ਾਂ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
ਸਿੱਖਿਆ ਖੇਤਰ ਵਿੱਚ 32 ਸਾਲ 2 ਮਹੀਨੇ ਅਤੇ 20 ਦਿਨ ਦੀ ਸ਼ਾਨਦਾਰ ਸੇਵਾ ਨਿਭਾ ਚੁੱਕੇ ਚਰਨਜੀਤ ਸਿੰਘ ਨੇ ਲੰਬਾ ਸਮਾਂ ਕੁਲਹਿਰੀ ਪਿੰਡ ਵਿੱਚ ਸੇਵਾਵਾਂ ਦੇਣ ਤੋਂ ਬਾਅਦ ਦਾਤੇਵਾਸ ਅਤੇ ਫਿਰ ਦੋਦੜਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਕਮਾਨ ਸੰਭਾਲੀ। ਸਕੂਲ ਸਟਾਫ ਵੱਲੋਂ ਰੱਖੇ ਗਏ ਪ੍ਰੋਗਰਾਮ ਦੌਰਾਨ ਉਹਨਾਂ ਦੱਸਿਆ ਕਿ ਇਸ ਸਕੂਲ ਨਾਲ ਉਹਨਾਂ ਦਾ ਇੱਕ ਅਟੁੱਟ ਰਿਸ਼ਤਾ ਬਣ ਚੁੱਕਾ ਹੈ। ਜਿਸ ਨੂੰ ਉਹ ਕਦੀ ਵੀ ਭੁੱਲ ਨਹੀਂ ਸਕਦੇ। ਉਹਨਾਂ ਆਪਣੇ ਸਕੂਲ ਸਟਾਫ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਆਪਣੇ ਘਰੇਲੂ ਰੁਝੇਵਿਆਂ ਕਰਕੇ ਕਾਫੀ ਸਮਾਂ ਪਹਿਲਾਂ ਪ੍ਰੀ-ਰਿਟਾਇਰਮੈਂਟ ਲੈਣ ਜਾ ਰਹੇ ਸਨ, ਪ੍ਰੰਤੂ ਸਟਾਫ ਦੇ ਹੌਂਸਲੇ ਤੇ ਹੱਲਾਸ਼ੇਰੀ ਤਹਿਤ ਅੱਜ ਉਹ ਸ਼ਾਨੋ-ਸ਼ੋਕਤ ਨਾਲ ਆਪਣੀ ਪੂਰੀ ਸਰਵਿਸ ਦਾ ਆਨੰਦ ਮਾਣ ਕੇ ਖੁਸ਼ੀ-ਖੁਸ਼ੀ ਰਿਟਾਇਰ ਹੋ ਰਹੇ ਹਨ। ਇਸ ਮੌਕੇ ਬੋਲਦਿਆਂ ਇਹਨਾਂ ਦੇ ਸਕੂਲ ਸਟਾਫ ਤੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਜਿੱਥੇ ਚਰਨਜੀਤ ਸਿੰਘ ਨੇ ਲੰਬਾ ਸਮਾਂ ਗੌਰਮਿੰਟ ਟੀਚਰ ਯੂਨੀਅਨ ਵਿੱਚ ਕੰਮ ਕਰਦਿਆ ਅਧਿਆਪਕ ਹੱਕੀ ਮੰਗਾਂ ਵਿੱਚ ਆਪਣਾ ਮੋਹਰੀ ਰੋਲ ਅਦਾ ਕੀਤਾ, ਉੱਥੇ ਸਿੱਖਿਆ ਵਿਭਾਗ ਵਿੱਚ ਇਹਨਾਂ ਨੇ ਆਪਣੀ ਇੱਕ ਵਿਸ਼ੇਸ਼ ਪਹਿਚਾਣ ਬਣਾਈ। ਸਟਾਫ ਵੱਲੋਂ ਕਹੀ ਗਈ ਹਰ ਗੱਲ ਨੂੰ ਇਹਨਾਂ ਨੇ ਖਿੜੇ ਮੱਥੇ ਕਬੂਲ ਕਰ ਕੇ ਪੂਰਾ ਕੀਤਾ। ਉਹਨਾਂ ਭਾਵੁਕ ਹੁੰਦਿਆ ਦੱਸਿਆ ਕਿ ਅੱਜ ਤੋਂ ਚਾਰ ਸਾਲ ਪਹਿਲਾਂ ਚਰਨਜੀਤ ਸਿੰਘ ਨੇ ਹੀ ਉਹਨਾਂ ਨੂੰ ਸਕੂਲ ਵਿੱਚ ਜੁਆਇੰਨ ਕਰਵਾਇਆ ਸੀ ਤੇ ਅੱਜ ਉਹ ਆਪ ਆਪਣੇ ਹੱਥੀ ਉਹਨਾਂ ਨੂੰ ਫਾਰਗੀ ਰਿਪੋਰਟ ਦੇ ਰਹੇ ਹਨ। ਸਕੂਲ ਦੇ ਸਟਾਫ ਮੈਂਬਰਾਂ ਜਸਵਿੰਦਰ ਕੌਰ ਭਾਦੜਾ, ਸੁਰਿੰਦਰਪਾਲ ਕੌਰ ਬੁਢਲਾਡਾ, ਨੇਹਾ ਰਾਣੀ ਬਰੇਟਾ, ਬਿਹਾਰਾ ਸਿੰਘ ਦੋਦੜਾ ਤੇ ਰੀਨਾ ਦੇਵੀ ਕਣਕਵਾਲ ਭੰਗੂਆ ਨੇ ਦੱਸਿਆ ਕਿ ਇਹਨਾਂ ਦਾ ਵੱਡਾ ਬੇਟਾ ਬਹੁਤ ਵਧੀਆ ਨੌਕਰੀ ਕਰ ਰਿਹਾ ਹੈ, ਜਦ ਕਿ ਛੋਟਾ ਬੇਟਾ ਐਮ ਐਸ ਸੀ ਫਿਜ਼ਿਕਸ ਦਾ ਵਿਸ਼ਾ ਮਾਹਰ ਹੈ। ਜਿਸ ਕੋਲ ਵੱਡੀ ਗਿਣਤੀ ਵਿੱਚ ਵਿਦਿਆਰਥੀ ਸਿੱਖਿਆ ਗ੍ਰਹਿਣ ਕਰਨ ਲਈ ਆਉਂਦੇ ਹਨ। ਇਸ ਸਮਾਗਮ ਦੌਰਾਨ ਸਕੂਲ ਦੇ ਪੁਰਾਣੇ ਸਟਾਫ ਮੈਂਬਰਾਂ ਦਵਿੰਦਰ ਕੌਰ, ਗੀਤਾ ਰਾਣੀ, ਕੁਲਵਿੰਦਰ ਬੱਛੂਆਣਾ, ਪੰਕਜ ਕੁਮਾਰ, ਕੁਲਵਿੰਦਰ ਬੁਢਲਾਡਾ, ਵੀਰਪਾਲ ਕੌਰ, ਹਰਪ੍ਰੀਤ ਕੌਰ, ਪ੍ਰਵੀਨ ਰਾਣੀ ਜੋ ਕਿ ਆਪਣੀਆਂ ਪ੍ਰਮੋਸ਼ਨਾਂ, ਪੱਕੀਆਂ ਨੌਕਰੀਆਂ, ਬਦਲੀਆਂ ਕਰਵਾ ਕੇ ਵਿਦਾ ਹੋ ਚੁੱਕੇ ਹਨ, ਉਹਨਾਂ ਨੂੰ ਵੀ ਉਹਨਾਂ ਦੀ ਸਕੂਲ ਵਿੱਚ ਰਹੀ ਵਿਸ਼ੇਸ਼ ਕਾਰਜੁਗਾਰੀ ਤੇ ਯਾਦ ਕੀਤਾ ਗਿਆ। ਉੱਧਰ ਜ਼ਿਲਾ ਸਿੱਖਿਆ ਅਫ਼ਸਰ ਪ੍ਰਾਇਮਰੀ ਸਰਬਜੀਤ ਸਿੰਘ ਧੂਰੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਲਾਭ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬੁਢਲਾਡਾ ਅਮਨਦੀਪ ਸਿੰਘ, ਸੈਂਟਰ ਹੈੱਡ ਟੀਚਰ ਰਾਮਪਾਲ ਸਿੰਘ ਗੜੱਦੀ ਅਤੇ ਸਿੱਖਿਆ ਵਿਭਾਗ ਦੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਚਰਨਜੀਤ ਸਿੰਘ ਨੂੰ ਮਾਣਮੱਤੀ ਸੇਵਾ ਨਿਭਾਉਣ ਤੇ ਵਿਸ਼ੇਸ਼ ਵਧਾਈ ਦਿੱਤੀ। ਇਸ ਮੌਕੇ ਚਰਨਜੀਤ ਸਿੰਘ ਦੀ ਪਤਨੀ ਚਰਨਜੀਤ ਕੌਰ, ਬੇਟਾ ਹਰਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ, ਨੂੰਹ ਰਮਨਪ੍ਰੀਤ ਕੌਰ ਤੇ ਤਰਨਜੋਤ ਕੌਰ, ਪੋਤਰੇ ਜਸ਼ਨਪ੍ਰੀਤ ਸਿੰਘ ਤੇ ਜਸਕੀਰਤ ਸਿੰਘ ਹਾਜ਼ਰ ਸਨ।
