(ਸਾਰਾ ਯਹਾਂ/ਬਿਊਰੋ ਨਿਊਜ਼ ) : ਪਿਛਲੇ ਕੁਝ ਦਿਨਾਂ ਤੋਂ ਦੇਸ਼ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੇ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਰੋਜ਼ਾਨਾ ਭਾਰਤ ਵਿੱਚ 10,000 ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਕਰਕੇ ਹਰ ਸਟੇਟ ਆਪੋ ਆਪਣੇ ਸੂਬਿਆਂ ਵਿੱਚ ਟੈਸਟਿੰਗ ਕਰਵਾ ਰਹੀ ਹੈ। ਦਿੱਲੀ, ਮਹਾਰਾਸ਼ਟਰ, ਹਰਿਆਣਾ, ਗੁਜਰਾਤ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ‘ਚ ਇਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਵੀ ਅਲਰਟ ‘ਤੇ ਹਨ। ਜਿਸ ਕਰਕੇ ਪੰਜਾਬ ਵਿੱਚ ਟੈਸਟਿੰਗ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਪੰਜਾਬ ਵਿੱਚ ਟੈਸਟਿੰਗ
ਪੰਜਾਬ ਵਿੱਚ ਟੈਸਟਿੰਗ ਵਧਣ ਦੇ ਨਾਲ ਹੀ ਕਰੋਨਾ ਪਾਜ਼ੇਟਿਵ ਕੇਸਾਂ ਵਿੱਚ ਵੀ ਅਚਾਨਕ ਵਾਧਾ ਹੋਇਆ ਹੈ। ਜਿਸ ਕਰਕੇ ਮੁਹਾਲੀ ਸੂਬੇ ਵਿੱਚ ਵੀ ਨਵੇਂ ਕੇਸਾਂ ਨਾਲ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਵੱਧ ਰਹੀ ਹੈ। ਸੂਬੇ ’ਚ ਕੋਰੋਨਾ ਦੇ ਕੇਸਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ।
ਹਾਟ ਸਪਾਟ ਦੇ ਰੂਪ ’ਚ ਤਬਦੀਲ
ਮੁਹਾਲੀ ਜ਼ਿਲ੍ਹਾ ਤੇਜ਼ੀ ਨਾਲ ਹਾਟ ਸਪਾਟ ਦੇ ਰੂਪ ’ਚ ਤਬਦੀਲ ਹੋ ਰਿਹਾ ਹੈ। ਇਕ ਹਫ਼ਤੇ ਤੋਂ ਮੁਹਾਲੀ ’ਚ ਹੀ ਸਭ ਤੋਂ ਜ਼ਿਆਦਾ ਕੋਵਿਡ ਦੇ ਕੇਸ ਆ ਰਹੇ ਹਨ। ਬੁੱਧਵਾਰ ਨੂੰ ਪੰਜਾਬ ’ਚ 467 ਪਾਜ਼ੇਟਿਵ ਕੇਸ ਪਾਏ ਗਏ। ਇਨ੍ਹਾਂ ’ਚ ਸਭ ਤੋਂ ਜ਼ਿਆਦਾ 111 ਕੇਸ ਮੁਹਾਲੀ ’ਚ ਪਾਏ ਗਏ। ਸੂਬੇ ’ਚ ਸਭ ਤੋਂ ਜ਼ਿਆਦਾ 460 ਕੋਰੋਨਾ ਪਾਜ਼ੇਵਿਟ ਕੇਸ ਮੁਹਾਲੀ ’ਚ ਹੀ ਹਨ।
ਮੀਡੀਆ ਰਿਪੋਰਟਸ ਮੁਤਾਬਿਕ ਪੂਰੇ ਸੂਬੇ ’ਚ 1767 ਐਕਟਿਵ ਕੇਸ ਹਨ। ਮੁਹਾਲੀ ਤੋਂ ਬਾਅਦ ਐਕਟਿਵ ਕੇਸ ਲੁਧਿਆਣਾ ’ਚ 202 ਦੇਖੇ ਗਏ। ਇਨ੍ਹਾਂ ਤੋਂ ਇਲਾਵਾ ਬਠਿੰਡਾ ’ਚ 149, ਪਟਿਆਲਾ ’ਚ 137 ਤੇ ਅੰਮ੍ਰਿਤਸਰ ’ਚ 111 ਪਾਜ਼ੇਟਿਵ ਕੇਸ ਹਨ। ਬੁੱਧਵਾਰ ਨੂੰ ਮੁਹਾਲੀ ਦੇ ਬਾਅਦ ਸਭ ਤੋਂ ਜ਼ਿਆਦਾ 46 ਕੇਸ ਫਾਜ਼ਿਲਕਾ, ਉਸਦੇ ਬਾਅਦ 42 ਕੇਸ ਲੁਧਿਆਣਾ ’ਚ ਪਾਏ ਗਏ। ਹਾਲਾਂਕਿ 270 ਮਰੀਜ਼ ਠੀਕ ਹੋਏ ਹਨ।
ਪ੍ਰਸ਼ਾਸਨ ਵੱਲੋਂ ਜਨਤਕ ਥਾਵਾਂ ‘ਤੇ ਮਾਸਕ ਪਹਿਨਣ ਅਤੇ ਭੀੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਗੁਰੇਜ਼ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।