
ਮੁਹਾਲੀ 01,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਵਪਾਰੀਆਂ ਦੀਆਂ ਮੰਗਾਂ ਨੂੰ ਵੇਖਦਿਆਂ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਦੁਕਾਨਾਂ ਖੋਲ੍ਹਣ ਲਈ ਲਾਗੂ ਕੀਤਾ ਔਡ-ਈਵਨ ਸਿਸਟਮ ਖ਼ਤਮ ਕਰ ਦਿੱਤਾ ਹੈ। ਇਹ ਫੈਸਲਾ ਮੰਗਲਵਾਰ ਨੂੰ ਹੋਈ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਇਸ ਤਹਿਤ ਹੁਣ ਜ਼ਿਲ੍ਹੇ ਦੀਆਂ ਸਾਰੀਆਂ ਦੁਕਾਨਾਂ ਹਫ਼ਤੇ ਵਿੱਚ ਪੰਜ ਦਿਨ ਖੁੱਲ੍ਹਣਗੀਆਂ। ਇਸ ਦੇ ਨਾਲ ਹੀ ਹਰ ਸ਼ਨੀਵਾਰ ਤੇ ਐਤਵਾਰ ਨੂੰ ਵੀਕੈਂਡ ਲੌਕਡਾਊਨ ਜਾਰੀ ਰਹੇਗਾ।
ਮੁਹਾਲੀ ਦੇ ਡੀਸੀ ਦੀ ਪ੍ਰਧਾਨਗੀ ਹੇਠ ਹੋਈ ਅਧਿਕਾਰੀਆਂ ਦੀ ਮੀਟਿੰਗ ਵਿੱਚ ਹੋਰ ਫੈਸਲੇ ਵੀ ਲਏ ਗਏ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਪਾਬੰਦੀਆਂ ਵਿੱਚ ਦਿੱਤੀਆਂ ਰਿਆਇਤਾਂ ਮੁਤਾਬਕ ਹੁਣ ਉਦਯੋਗ ਨੂੰ 50 ਪ੍ਰਤੀਸ਼ਤ ਕਰਮਚਾਰੀਆਂ ਨਾਲ ਕੰਮ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਮਾਰਕੀਟ ਐਸੋਸੀਏਸ਼ਨ ਇਹ ਯਕੀਨੀ ਬਣਾਏਗੀ ਕਿ ਦੁਕਾਨਾਂ ਵਿੱਚ ਕੋਰੋਨਾ ਸੁਰੱਖਿਆ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਜਾਵੇ।
ਡੀਸੀ ਨੇ ਅੱਗੇ ਕਿਹਾ ਕਿ ਜੇ ਅਗਲੇ ਹਫਤੇ ਤੱਕ ਕੋਰੋਨਾ ਦੇ ਕੇਸ ਇਸੇ ਤਰ੍ਹਾਂ ਘਟਦੇ ਰਹੇ ਤਾਂ ਹੋਰ ਰਿਆਇਤਾਂ ਦਿੱਤੀਆਂ ਜਾ ਸਕਦੀਆਂ ਹਨ।
