ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਅੱਜ ਕਿਸਾਨ ਅੰਦੋਲਨ ਬਾਰੇ ਵੱਡੀ ਗੱਲ਼ ਕਹੀ ਹੈ। ਉਨ੍ਹਾਂ ਕਿਹਾ ਹੈ ਕਿ ਕੱਲ੍ਹ ਦੀ ਮੁਜੱਫਰਨਗਰ ਮਹਾਪੰਚਾਇਤ ਨੇ ਦੱਸ ਦਿੱਤਾ ਹੈ ਕਿ ਜੇਕਰ ਭਾਜਪਾ ਸਰਕਾਰ ਨੇ ਕਿਸਾਨਾਂ ਦੀ ਗੱਲ ਨਾ ਸੁਣੀ ਤਾਂ ਪੂਰੇ ਦੇਸ਼ ਵਿੱਚ ਇਕੱਠ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਮੁੱਦੇ ਪ੍ਰਤੀ ਸਾਰੀਆਂ ਸਿਆਸੀ ਪਾਰਟੀਆਂ ਸੰਜੀਦਾ ਹਨ ਤਾਂ ਉਨ੍ਹਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਮਜੀਠੀਆ ਨੇ ਕਿਹਾ ਕਿ ਕਿਸਾਨ ਤਾਂ ਸ਼ਾਂਤਮਈ ਹਨ ਪਰ ਵਿਰੋਧ ਕਰਨ ਵਾਲਿਆਂ ‘ਚ ਸ਼ਰਾਰਤੀ ਅਨਸਰ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਵਿਰੋਧ ਕਰਨ ਵਾਲੇ ਤੇ ਮਾਹੌਲ ਖਰਾਬ ਕਰਨ ਵਾਲੇ ਕਾਂਗਰਸ ਨਾਲ ਸਬੰਧਤ ਹਨ। ਅਸੀਂ ਬਕਾਇਦਾ ਇਸ ਦਾ ਖੁਲਾਸਾ ਕਰ ਚੁੱਕੇ ਹਾਂ। ਉਨ੍ਹਾਂ ਕਰਨਾਲ ਲਾਠੀਚਾਰਜ ਦੀ ਗੱਲ ਕਰਦਿਆਂ ਕਿਹਾ ਕਕਿ ਉਹ ਦੁਸ਼ਅੰਤ ਚੌਟਾਲਾ ਤੋਂ ਪੁੱਛਣਾ ਚਾਹੁੰਦੇ ਹਨ ਕਿ ਲਾਠੀਚਾਰਜ ਦਾ ਆਰਡਰ ਦੇਣ ਵਾਲੇ ਐਸਡੀਐਮ ਖਿਲਾਫ ਕਾਰਵਾਈ ਕਿਉਂ ਨਹੀਂ ਹੋਈ।
ਦੱਸ ਦਈਏ ਕਿ ਅੱਜ ਤਰਸਿੱਕਾ ਬਲਾਕ ਸੰਮਤੀ ਦੀ ਚੇਅਰਪਰਸਨ ਅਕਾਲੀ ਦਲ ‘ਚ ਸ਼ਾਮਲ ਹੋਏ। ਤਰਸਿੱਕਾ ਬਲਾਕ ਸੰਮਤੀ ਮਜੀਠਾ ਤੇ ਜੰਡਿਆਲਾ ਗੁਰੂ ਹਲਕੇ ਨਾਲ ਸਬੰਧਤ ਪਿੰਡਾਂ ਦੀ ਹੈ। ਇਸ ਮੌਕੇ ਚੇਅਰਪਰਸਨ ਬੀਬੀ ਪਰਮਜੀਤ ਕੌਰ ਕਾਂਗਰਸ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ। ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਵਜੀਰਾਂ ਨੂੰ ਹੀ ਆਪਣੇ ਮੁੱਖ ਮੰਤਰੀ ‘ਤੇ ਭਰੋਸਾ ਨਹੀਂ ਪਰ ਅਹੁਦੇ ਭੁੱਖੇ ਵਜੀਰ ਢੀਠਪੁਣਾ ਛੱਡਣ ਤੇ ਅਸਤੀਫਾ ਦੇਣ। ਉਨ੍ਹਾਂ ਕਿਹਾ ਕਿ ਕਾਂਗਰਸ ਤਿੰਨ ਹਿੱਸਿਆਂ ‘ਚ ਵੰਡੀ ਗਈ ਹੈ।