
ਚੰਡੀਗੜ੍ਹ, 2 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ): ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਵੇਂ ਭਰਤੀ 23 ਕੋਚਾਂ ਨੂੰ ਨਿਯੁਕਤੀ ਪੱਤਰ ਸੌਂਪੇ।
ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫਤਰ ਵਿੱਚ ਖੇਲੋ ਇੰਡੀਆ ਸੈਂਟਰ ਲਈ ਭਰਤੀ ਕੀਤੇ ਕੋਚਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਲਈ ਨਵੀਂ ਖੇਡ ਨੀਤੀ ਬਣਾਈ ਗਈ ਹੈ। ਇਸ ਖੇਡ ਨੀਤੀ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਵਿਭਾਗ ਦੇ ਕੋਚਾਂ ਸਿਰ ਹੈ ਜਿਨ੍ਹਾਂ ਨਵੀਂ ਪਨੀਰੀ ਤਿਆਰ ਕਰ ਕੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨਾ ਹੈ। ਉਨ੍ਹਾਂ ਕੋਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਪਣੇ ਅਲਾਟ ਸੈਂਟਰਾਂ ਵਿੱਚ ਤਨਦੇਹੀ ਤੇ ਮਿਹਨਤ ਨਾਲ ਕੰਮ ਕਰਨ ਅਤੇ ਚੰਗੇ ਨਤੀਜੇ ਸਾਹਮਣੇ ਲਿਆਉਣ।
ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਕੋਚਾਂ ਵਿੱਚ ਅਥਲੈਟਿਕਸ ਖੇਡ ਦੇ ਸੱਤ, ਕੁਸ਼ਤੀ ਦੇ ਪੰਜ, ਫੁਟਬਾਲ ਦੇ ਚਾਰ, ਹਾਕੀ ਦੇ ਦੋ ਅਤੇ ਬੈਡਮਿੰਟਨ, ਮੁੱਕੇਬਾਜ਼ੀ, ਸਾਈਕਲਿੰਗ ਤੇ ਤਲਵਾਰਬਾਜ਼ੀ ਦੇ ਇਕ-ਇਕ ਕੋਚ ਹਨ।
ਇਸ ਮੌਕੇ ਖੇਡ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਸਰਵਜੀਤ ਸਿੰਘ, ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ, ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਸੰਧੂ ਤੇ ਸਹਾਇਕ ਡਾਇਰੈਕਟਰ ਰਣਵੀਰ ਸਿੰਘ ਭੰਗੂ ਵੀ ਹਾਜ਼ਰ ਸਨ।
———-
