
ਚੰਡੀਗੜ੍ਹ, 7 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ )ਹਾਂਗਜ਼ੂ ਏਸ਼ੀਅਨ ਗੇਮਜ਼ ਵਿੱਚ ਪੰਜਾਬ ਦੇ 33 ਖਿਡਾਰੀਆਂ ਨੇ 8 ਸੋਨੇ, 6 ਚਾਂਦੀ ਤੇ 5 ਕਾਂਸੀ ਦੇ ਤਮਗ਼ਿਆਂ ਸਣੇ ਕੁੱਲ 19 ਤਮਗ਼ੇ ਜਿੱਤ ਕੇ ਕੀਤਾ ਖੇਡਾਂ ਦੇ 72 ਸਾਲ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਸੂਬੇ ਦਾ ਕੌਮਾਂਤਰੀ ਖੇਡ ਨਕਸ਼ੇ ਉਤੇ ਨਾਮ ਰੌਸ਼ਨ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਨੂੰ ਮੁੜ ਖੇਡ ਨਕਸ਼ੇ ਉਤੇ ਨਾਮ ਚਮਕਾਉਣ ਵਾਲੇ ਤਮਗ਼ਾ ਜੇਤੂਆਂ ਨੂੰ ਜਲਦ ਹੀ ਸਾਰੇ ਖਿਡਾਰੀਆਂ ਦੇ ਦੇਸ਼ ਵਾਪਸ ਆਉਣ ਉੱਤੇ ਵਿਸ਼ੇਸ਼ ਸਮਾਗਮ ਦੌਰਾਨ ਨਗਦ ਇਨਾਮ ਰਾਸ਼ੀ ਨਾਲ ਸਨਮਾਨਤ ਕਰਨਗੇ।
ਇਹ ਗੱਲ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਹਾਂਗਜ਼ੂ ਏਸ਼ੀਅਨ ਗੇਮਜ਼ ਵਿੱਚ ਤਮਗ਼ੇ ਜਿੱਤਣ ਵਾਲੇ ਖਿਡਾਰੀਆਂ ਸਿਫ਼ਤ ਸਮਰਾ, ਤੇਜਿੰਦਰ ਪਾਲ ਸਿੰਘ ਤੂਰ ਤੇ ਹਰਮਿਲਨ ਬੈਂਸ ਦਾ ਫਰੀਦਕੋਟ ਤੇ ਪਟਿਆਲਾ ਵਿਖੇ ਸਵਾਗਤ ਤੇ ਸਨਮਾਨ ਕਰਦਿਆਂ ਕਹੀ।
ਖੇਡ ਮੰਤਰੀ ਨੇ ਅੱਜ ਸਵੇਰੇ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਮਗ਼ਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲ ਸਿਫ਼ਤ ਸਮਰਾ ਦੀ ਫਰੀਦਕੋਟ ਰਿਹਾਇਸ਼ ਉਤੇ ਜਾ ਕੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਤਰਫੋਂ ਸਨਮਾਨ ਕਰਦਿਆਂ ਮਾਣਮੱਤੀ ਨਿਸ਼ਾਨੇਬਾਜ਼ ਨੂੰ ਵਧਾਈ ਦਿੱਤੀ। ਸ਼ਾਮ ਵੇਲੇ ਉਨ੍ਹਾਂ ਅੱਜ ਹੀ ਪੰਜਾਬ ਪਰਤੇ ਸ਼ਾਟਪੁੱਟ ਵਿੱਚ ਲਗਾਤਾਰ ਦੂਜੀ ਵਾਰ ਸੋਨ ਤਮਗਾ ਜਿੱਤਣ ਵਾਲੇ ਤੇਜਿੰਦਰ ਪਾਲ ਸਿੰਘ ਤੂਰ ਅਤੇ 800 ਤੇ 1500 ਮੀਟਰ ਦੌੜ ਵਿੱਚ ਦੋ ਚਾਂਦੀ ਦੇ ਤਮਗ਼ੇ ਜਿੱਤਣ ਵਾਲੀ ਹਰਮਿਲਨ ਬੈਂਸ ਦਾ ਪਟਿਆਲਾ ਪੁੱਜਣ ਉਤੇ ਭਰਵਾਂ ਸਵਾਗਤ ਅਤੇ ਸਨਮਾਨ ਕੀਤਾ।ਇਸ ਮੌਕੇ ਹਰਮਿਲਨ ਦੀ ਮਾਤਾ ਅਰਜੁਨਾ ਐਵਾਰਡੀ ਮਾਧੁਰੀ ਅਮਨਦੀਪ ਸਿੰਘ ਦਾ ਵੀ ਸਨਮਾਨ ਕੀਤਾ।

ਮੀਤ ਹੇਅਰ ਨੇ ਕਿਹਾ ਕਿ ਅੱਜ ਭਾਰਤੀ ਪੁਰਸ਼ ਕ੍ਰਿਕਟ ਟੀਮ ਵੱਲੋਂ ਸੋਨ ਤਮਗ਼ਾ ਜਿੱਤਿਆ ਗਿਆ ਅਤੇ ਇਸ ਟੀਮ ਵਿੱਚ ਪੰਜਾਬ ਦੇ ਅਰਸ਼ਦੀਪ ਸਿੰਘ ਤੇ ਪ੍ਰਭਸਿਮਰਨ ਸਿੰਘ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨ ਦੇ ਮਕਸਦ ਨਾਲ ਪਹਿਲੀ ਵਾਰ ਖੇਡਾਂ ਦੀ ਤਿਆਰੀ ਲਈ 4 ਕਰੋੜ 64 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ, ਜਿਸ ਦੇ ਬੜੇ ਸਕਰਾਤਮਕ ਨਤੀਜੇ ਆਏ ਹਨ ਅਤੇ ਏਸ਼ਿਆਈ ਖੇਡਾਂ ਵਿੱਚ ਪੰਜਾਬ ਦੇ ਸ਼ਾਮਲ 48 ਖਿਡਾਰੀਆਂ ਵਿਚੋਂ 33 ਖਿਡਾਰੀਆਂ ਨੇ 8 ਸੋਨੇ, 6 ਚਾਂਦੀ ਤੇ 5 ਕਾਂਸੀ ਦੇ ਤਮਗ਼ਿਆਂ ਸਣੇ ਕੁੱਲ 19 ਤਮਗ਼ੇ ਜਿੱਤ ਲਏ।

ਅੱਜ ਦੋਵੇਂ ਸਵਾਗਤੀ ਸਮਾਗਮਾਂ ਮੌਕੇ ਹਲਕਾ ਘਨੌਰ ਦੇ ਵਿਧਾਇਕ ਤੇ ਕੌਮਾਂਤਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ, ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ, ਵਿਧਾਇਕ ਫਿਰੋਜਪੁਰ ਸ. ਰਣਬੀਰ ਸਿੰਘ ਭੁੱਲਰ, ਓਲੰਪੀਅਨ ਅਵਨੀਤ ਕੌਰ ਸਿੱਧੂ, ਓਲੰਪੀਅਨ ਹਰਵੰਤ ਕੌਰ, ਸਾਬਕਾ ਡੀਜੀਪੀ ਰਾਜਦੀਪ ਸਿੰਘ ਗਿੱਲ, ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ, ਐਸ.ਐਸ.ਪੀ. ਫਰੀਦਕੋਟ ਹਰਜੀਤ ਸਿੰਘ, ਡਿਪਟੀ ਡਾਇਰੈਕਟਰ ਸਪੋਰਟਸ ਪਰਮਿੰਦਰ ਸਿੰਘ ਸਿੱਧੂ, ਜਿਲ੍ਹਾ ਖੇਡ ਅਫਸਰ ਬਲਜਿੰਦਰ ਸਿੰਘ ਤੇ ਹਰਪਿੰਦਰ ਸਿੰਘ ਗੱਗੀ ਸਣੇ ਵੱਡੀ ਗਿਣਤੀ ਵਿੱਚ ਖੇਡ ਪ੍ਰਸੰਸਕ ਤੇ ਖਿਡਾਰੀ ਵੀ ਹਾਜ਼ਰ ਸਨ।
——\
