ਬਰਨਾਲਾ 12 ਜੁਲਾਈ 2020 (ਸਾਰਾ ਯਹਾ/ਬਿਓਰੋ ਰਿਪੋਰਟ) -ਬਾਜਾਖਾਨਾ ਰੋਡ ‘ਤੇ ਬੀਤੀ ਮੀਂਹ ਪੈਣ ਕਾਰਨ ਸੜਕ ਬੁਰੀ ਤਰ੍ਹਾਂ ਟੁੱਟ ਗਈ। ਇਹ ਸੜਕ ਸਿਰਫ ਸੱਤ ਦਿਨ ਪਹਿਲਾਂ ਬਣਾਈ ਗਈ ਸੀ। ਪਰ ਮਾੜੇ ਮਟੀਰੀਅਲ ਵਰਤੇ ਜਾਣ ਕਾਰਨ ਅਤੇ ਅਧਿਕਾਰੀਆਂ ਦੀ ਅਣਗਹਿਲੀ ਦੇ ਚੱਲਦਿਆਂ ਇਹ ਸੜਕ ਬੁਰੀ ਤਰ੍ਹਾਂ ਟੁੱਟ ਗਈ। ਜਿਸ ਕਰਕੇ ਸੜਕ ਕਿਨਾਰੇ ਰਹਿੰਦੇ ਲੋਕਾਂ ਵਿੱਚ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਭਿੰਦਰ ਸਿੰਘ, ਬੇਅੰਤ ਸਿੰਘ ਬਾਠ, ਗਗਨ ਸਿੰਘ, ਸੁਖਪਾਲ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਇਹ ਸੜਕ ਬਣਾਈ ਗਈ ਸੀ, ਪਰ ਮੀਂਹ ਕਾਰਨ ਇਹ ਸੜਕ ਬੁਰੀ ਤਰ੍ਹਾਂ ਟੁੱਟ ਗਈ। ਉਹਨਾਂ ਦੱਸਿਆ ਕਿ ਇਹ ਸੜਕ ਘਟੀਆ ਮਟੀਰੀਅਲ ਨਾਲ ਬਣਾਈ ਜਾ ਰਹੀ ਹੈ। ਜਿਸ ਬਾਰੇ ਕਈ ਬਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ, ਪਰ ਉਹਨਾਂ ਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।
ਉਹਨਾਂ ਦੱਸਿਆ ਕਿ ਸਰਕਾਰ ਦਾਅਵੇ ਵਿਕਾਸ ਕਰਨ ਦੇ ਕਰ ਰਹੀ ਹੈ, ਪਰ ਮਾੜੇ ਮਟੀਰੀਅਲ ਨਾਲ ਬਣਾਈ ਜਾ ਰਹੀ ਸੜਕ ਵਿਕਾਸ ਕਾਰਜ਼ਾਂ ਦੀ ਪੋਲ ਖੋਲ੍ਹ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਸੜਕ ਕਿਨਾਰੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਰਿਹਾਇਸ਼ ਹੈ ਅਤੇ ਅਤੇ ਇਕ ਸੜਕ ‘ਤੇ ਵੱਡੀ ਗਿਣਤੀ ਵਿੱਚ ਆਵਾਜਾਈ ਰਹਿੰਦੀ ਹੈ। ਜਿਸ ਕਰਕੇ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਪਰ ਇਹ ਸੜਕ ਰਾਤ ਸਮੇਂ ਟੁੱਟਣ ਕਾਰਨ ਬਚਾਅ ਰਹਿ ਗਿਆ। ਉਹਨਾਂ ਇਸ ਸੜਕ ਨੂੰ ਬਨਾਉਣ ਵਿੱਚ ਵਰਤੀ ਗਈ ਕੁਤਾਹੀ ਦੀ ਜਾਂਚ ਕਰਕੇ ਸਬੰਧਤ ਠੇਕੇਦਾਰ ਅਤੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਦੀ ਮੁਕੰਮਲ ਜਾਂਚ ਕਰਵਾ ਕੇ ਦੁਬਾਰਾ ਸੜਕ ਨਾ ਬਣਾਈ ਗਈ ਤਾਂ ਉਹ ਇਸ ਵਿਰੁੱਧ ਸੰਘਰਸ਼ ਵਿੱਢਣਗੇ।