*ਮਿਹਨਤੀ, ਇਮਾਨਦਾਰ, ਮਿੱਠ-ਬੋਲੜੇ, ਸੂਝਵਾਨ ਅਤੇ ਬਹੁਪੱਖੀ ਸ਼ਖਸੀਅਤ ਦੇ ਮਾਲਕ ਹਨ ਗੁਰਜੰਟ ਸਿੰਘ ਏ.ਐਮ. ਓ.*

0
27

ਮਾਨਸਾ 29 ਮਾਰਚ(ਸਾਰਾ ਯਹਾਂ/ਮੁੱਖ ਸੰਪਾਦਕ)ਸੇਵਾ-ਮੁਕਤੀ ਇੱਕ ਅਜਿਹਾ ਅਹਿਸਾਸ ਹੈ ਜੋ ਸਿਰਫ਼ ਉਨ੍ਹਾਂ ਚਿਹਰਿਆਂ ’ਤੇ ਝਲਕਦਾ ਹੈ ਜਿਸਨੂੰ ਆਪਣੇ ਕਾਰਜ-ਕਾਲ ਦੌਰਾਨ ਦਿੱਤੇ ਯੋਗਦਾਨ ਉੱਤੇ ਰੱਜਵੀਂ ਤਸੱਲੀ ਅਤੇ ਫਖ਼ਰ ਹੋਵੇ। ਦਰਅਸਲ ਸੇਵਾ-ਮੁਕਤੀ  ਜ਼ਿੰਦਗੀ ਦੇ 35-40 ਸਾਲ ਲੰਮੇ ਸਫ਼ਰ ਦੀ ਰੌਚਕ ਕਹਾਣੀ ਦਾ ਸੁਆਦਲਾ ਅੰਤ ਹੈ। ਅੱਜ ਇੱਕ ਬਹੁਤ ਹੀ ਮਿਹਨਤੀ, ਇਮਾਨਦਾਰ, ਮਿੱਠ -ਬੋਲੜੇ, ਸੂਝਵਾਨ ਸ੍ਰੀ ਗੁਰਜੰਟ ਸਿੰਘ ਸਹਾਇਕ ਮਲੇਰੀਆ ਅਫ਼ਸਰ ਜੀ ਸੇਵਾ ਮੁਕਤ ਹੋ ਰਹੇ ਹਨ। ਆਓ ਉਨ੍ਹਾਂ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਕੁਝ ਜਾਣੀਏ।

                      ਆਪ ਜੀ ਦਾ ਜਨਮ 1 ਅਪ੍ਰੈਲ 1966 ਨੂੰ ਮਾਤਾ ਗੁਰਦੇਵ ਕੌਰ ਜੀ ਦੀ ਸੁਲੱਖਣੀ ਕੁੱਖੋਂ ਪਿਤਾ ਸ੍ਰ ਦਲੀਪ ਸਿੰਘ ਜੀ ਦੇ ਘਰ ਪਿੰਡ ਰਾਜਗੜ੍ਹ ਜਿਲ੍ਹਾ ਬਰਨਾਲਾ ਵਿਖੇ ਹੋਇਆ। ਆਪ ਜੀ ਦੇ ਪਿਤਾ ਦਿਹਾੜੀ ਮਜ਼ਦੂਰ ਸਨ ਜਿਸ ਕਰਕੇ ਆਪ ਨੇ ਅੱਤ ਦੀ ਗ਼ਰੀਬੀ, ਤੰਗੀਆਂ ਤਰੁਸ਼ੀਆਂ ਦੀ ਬਾਂਹ ਮਰੋੜ ਕੇ ਹੀ ਪੜ੍ਹਾਈ ਕੀਤੀ।ਆਪ ਜੀ ਨੇ ਪੰਜਵੀਂ ਤੱਕ ਦੀ ਪੜ੍ਹਾਈ ਪਿੰਡ ਰਾਜਗੜ੍ਹ ਵਿਖੇ ਕੀਤੀ ਉਸਤੋਂ ਬਾਅਦ ਦੱਸਵੀਂ ਸਰਕਾਰੀ ਹਾਈ ਸਕੂਲ ਫਰਵਾਹੀ ਤੋਂ ਕੀਤੀ ਉਸਤੋਂ ਬਾਅਦ ਹਾਇਰ ਸੈਕੰਡਰੀ ਨਾਨ ਮੈਡੀਕਲ ਐਸ, ਡੀ ਕਾਲਜ ਬਰਨਾਲਾ ਤੋਂ ਕੀਤੀ।

                ਆਪ ਜੀ ਦੀ ਜ਼ਿੰਦਗੀ ਦਾ ਖ਼ੂਬਸੂਰਤ ਪੜਾਅ ਉਦੋਂ ਸ਼ੁਰੂ ਹੋਇਆ ਜਦੋਂ ਅਕਤੂਬਰ 1986 ਵਿੱਚ ਪੰਜਾਬ ਵਿੱਚ  ਹੈਲਥ ਅਤੇ ਫੈਮਿਲੀ ਵੈਲਫੇਅਰ ਭਾਰਤ ਸਰਕਾਰ ਵਲੋਂ ਪਹਿਲੀ ਵਾਰ ਸ਼ੁਰੂ ਮਲਟੀਪਰਪਜ ਹੈਲਥ ਵਰਕਰ ਦੇ ਕੋਰਸ ਲਈ ਖਰੜ ਵਿਖੇ ਚੋਣ ਹੋਈ। ਕੋਰਸ ਕਰਨ ਉਪਰੰਤ ਆਪਜੀ ਦੀ ਪਹਿਲੀ ਪੋਸਟਿੰਗ 14-02-1987 ਪੀ ਐਚ ਸੀ ਸ਼ੁਤਰਾਣਾ ਜਿਲ੍ਹਾ ਪਟਿਆਲਾ ਵਿਖੇ ਹੋਈ। ਆਪ ਜੀ ਦਾ ਵਿਆਹ ਸ੍ਰੀ ਮਤੀ ਬਲਵਿੰਦਰ ਕੌਰ ਨਾਲ  ਹੋਇਆ ਜੋ ਕਿ ਬਤੌਰ ਆਂਗਨਵਾੜੀ ਵਰਕਰ ਪਿੰਡ ਰਾਜਗੜ੍ਹ ਵਿੱਚ ਸੇਵਾਵਾਂ ਨਿਭਾਅ  ਰਹੇ ਹਨ।ਆਪ ਜੀ ਦੇ ਤਿੰਨ ਬੇਟੀਆਂ ਅਤੇ ਇੱਕ ਬੇਟਾ ਹਨ।ਲੜਕੀਆਂ ਉੱਚ ਵਿੱਦਿਆ ਪ੍ਰਾਪਤ ਕਰਕੇ ਕੈਨੇਡਾ ਦੀ ਧਰਤੀ ਤੇ ਪਹੁੰਚ ਗਈਆਂ ਹਨ। ਸਾਲ 1990 ਵਿੱਚ ਆਪ ਦੀ ਬਦਲੀ ਸੀ ਐਚ ਸੀ ਧਨੌਲਾ ਵਿਖੇ ਹੋਈ। ਆਪ ਜੀ ਨੇ ਧਨੌਲਾ ਵਿਖੇ ਸ਼ਾਨਦਾਰ ਸੇਵਾਵਾਂ ਦਿੱਤੀਆਂ।ਜਨਮ ਮੌਤ ਅਤੇ ਪਰਿਵਾਰ ਨਿਯੋਜਨ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਲਈ ਆਪ ਨੂੰ ਬਹੁਤ ਵਾਰ ਪੰਜਾਬ ਸਰਕਾਰ ਵਲੋਂ ਸਨਮਾਨਿਤ ਵੀ ਕੀਤਾ ਗਿਆ। ਇੱਥੇ ਹੀ ਆਪ ਜੀ ਦੀਆਂ ਖੁਸ਼ੀਆਂ ਵਿੱਚ ਹੋਰ ਵਾਧਾ ਹੋਇਆ ਤੇ ਆਪ 2 ਸਤੰਬਰ 2009 ਨੂੰ ਪਹਿਲੀ ਤਰੱਕੀ ਲੈ ਕੇ ਸੀ ਐਚ ਸੀ ਧਨੌਲਾ ਵਿਖੇ ਹੀ ਸਿਹਤ ਸੁਪਰਵਾਈਜ਼ਰ ਬਣੇ ।

                     ਸਿਹਤ ਸੁਪਰਵਾਈਜ਼ਰ ਦੇ ਤੌਰ ਤੇ ਜਿੱਥੇ ਆਪ ਨੇ ਜਨਮ ਮੌਤ, ਮਲੇਰੀਆ ਡੇਂਗੂ, ਪਰਿਵਾਰ ਨਿਯੋਜਨ, ਟੀਕਾਕਰਨ, ਪੋਲੀਓ, ਸਿਹਤ ਸਿੱਖਿਆ ਦੇ ਖੇਤਰ ਵਿੱਚ ਵੱਧ ਚੜ੍ਹ ਕੇ ਕੰਮ ਕੀਤਾ।ਉਥੇ ਆਪਣੇ ਨਿਮਰ ਅਤੇ ਖੁਲ੍ਹੇ ਸੁਭਾਅ ਨਾਲ ਮੁਲਾਜ਼ਮ ਦੇ ਦਿਲਾਂ ਤੇ ਵੀ ਗਹਿਰੀ ਛਾਪ ਛੱਡੀ। ਜ਼ਿੰਦਗੀ ਦੀਆਂ ਰੰਗੀਨ ਅਤੇ ਠਰੰਮੇ ਨਾਲ ਚਲਦੀਆਂ ਪੈੜਾਂ ਤੇ ਸੁਨਿਹਰੀ ਛਾਪ ਛੱਡਦਿਆਂ ਆਪ 03-09- 2019 ਨੂੰ ਬਤੌਰ ਸਹਾਇਕ ਮਲੇਰੀਆ ਅਫ਼ਸਰ ਪਦਉਨਤ ਹੋਏ ਅਤੇ ਪੋਸਟਿੰਗ ਸਿਵਲ ਸਰਜਨ ਦਫਤਰ ਮਾਨਸਾ ਵਿਖੇ ਹੋਈ। ਦਫ਼ਤਰ ਸਿਵਲ ਸਰਜਨ ਵਿਖੇ ਇਹਨਾਂ ਨੇ ਜੋ ਕੰਮ ਕੀਤਾ ਉਸਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਆਪ ਨੇ ਕੋਵਿਡ ਦੇ ਵਿੱਚ ਲਾ ਮਿਸਾਲ ਕੰਮ ਕੀਤਾ। ਕਰੋਨਾ ਦੌਰਾਨ ਫੀਲਡ ਤੋਂ ਜੋ ਵੀ ਰਿਪੋਰਟਾਂ ਆਉਦੀਆਂ ਸਨ। ਉਹਨਾਂ ਨੂੰ ਕੰਮਪਾਇਲ ਅਤੇ ਕੰਪਿਊਟਰਾਈਜ਼ ਕਰਨ ਦੀ ਡਿਊਟੀ ਇਹਨਾਂ ਨੇ ਬਖੂਬੀ ਨਿਭਾਈ। ਡਿਊਟੀ ਦੌਰਾਨ ਇਹਨਾਂ ਨੇ ਕੰਮ ਨੂੰ ਕਦੇ ਵੀ ਜਵਾਬ ਨਹੀਂ ਦਿੱਤਾ। ਆਪ ਡਿਊਟੀ ਅਤੇ ਸਮੇਂ ਦੇ ਪੂਰੇ ਪਾਬੰਦ ਹਨ। ਡਿਊਟੀ ਤੋਂ ਕਦੇ ਵੀ ਲੇਟ ਨਾ ਹੋਣਾ ਇਹਨਾਂ ਦੀ ਸਿਰੜੀ ਸੋਚ ਦਾ ਪ੍ਰਤੀਕ ਹੈ। ਸਿਵਲ ਸਰਜਨ ਦਫ਼ਤਰ ਵਿਖੇ ਅੱਜ ਸਾਰੇ ਮੁਲਾਜ਼ਮ ਨਾਲ ਇਹਨਾਂ ਦੇ ਵਧੀਆ ਸਬੰਧ ਹਨ।  

              ਆਪ ਜੀ ਦੀਆਂ ਅਨੇਕਾਂ ਪ੍ਰਾਪਤੀਆਂ ਹਨ। ਜਿੰਨਾਂ ਦਾ ਵਰਨਣ ਸ਼ਬਦਾਂ ਰਾਂਹੀ ਕਰਨਾ ਸੰਭਵ ਨਹੀਂ। ਇਹੀ ਕਿਸੇ ਮਾਣ ਮਤੀ ਸਖਸ਼ੀਅਤ ਦੀ ਪ੍ਰਾਪਤੀ ਹੁੰਦੀ ਹੈ। ਅੱਜ ਮਿਤੀ 31 ਮਾਰਚ 2024 ਨੂੰ ਵਿਦਾਇਗੀ ਸਮਾਰੋਹ ਤੇ ਆਪ ਜੀ ਦਾ ਸਨਮਾਨ ਕਰਦਿਆਂ ਜਿੱਥੇ ਸਾਨੂੰ ਅਥਾਹ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਉਥੇ ਅਸੀਂ ਸਮੂਹ ਮੁਲਾਜ਼ਮ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਬੁਲੰਦ ਇਰਾਦਿਆਂ ਦੇ ਇਸ ਪਾਂਧੀ ਨੂੰ ਚੰਗੀ ਸਿਹਤਯਾਬੀ, ਲੋਕ ਹਿੱਤਾਂ ਦਾ ਰਾਹੀ ਬਣਕੇ ਭਵਿੱਖ ਦੀਆਂ ਮੰਜਲਾਂ ਨੂੰ ਸਰ ਕਰਨ ਦਾ ਬਲ ਬਖਸ਼ੇ।

NO COMMENTS