
ਮਾਨਸਾ 26,ਅਪ੍ਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਮਾਨਸਾ ਸਾਇਕਲ ਗਰੁੱਪ ਵਲੋਂ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਕਾਫੀ ਸਮੇਂ ਤੋਂ ਕਰੋਨਾ ਦੀ ਬੀਮਾਰੀ ਤੋਂ ਬਚਣ ਲਈ ਮਾਸਕ ਪਹਿਨਣ ਅਤੇ ਵਾਰ ਵਾਰ ਹੱਥ ਧੋਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਜਦੋਂ ਦੀ ਵੈਕਸੀਨ ਲਗਵਾਉਣ ਦੀ ਸ਼ੁਰੂਆਤ ਹੋਈ ਹੈ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਇਸੇ ਲੜੀ ਤਹਿਤ ਅੱਜ ਮਾਨਸਾ ਸਾਇਕਲ ਗਰੁੱਪ ਅਤੇ ਬੁਢਲਾਡਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ 45 ਕਿਲੋਮੀਟਰ ਸਾਇਕਲਿੰਗ ਕਰਦਿਆਂ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਨੇੜੇ ਦੇ ਸਿਹਤ ਕੇਂਦਰ ਤੇ ਜਾ ਕੇ ਕਰੋਨਾ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕੀਤਾ। ਇਹ ਜਾਣਕਾਰੀ ਦਿੰਦਿਆਂ ਬਲਜੀਤ ਕੜਵਲ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵੱਲੋਂ ਲਗਾਤਾਰ ਲੋਕਾਂ ਨੂੰ ਚੰਗੀ ਸਿਹਤ ਅਤੇ ਸਾਫ਼ ਸੁਥਰਾ ਵਾਤਾਵਰਣ ਰੱਖਣ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਬੁਢਲਾਡਾ ਸਾਇਕਲ ਗਰੁੱਪ ਦੇ ਮੈਂਬਰਾਂ ਵਿੱਕੀ ਸਿੰਘ ਅਤੇ ਸੰਦੀਪ ਕੁਮਾਰ ਨੇ ਦੱਸਿਆ ਕਿ ਬੁਢਲਾਡਾ ਸਾਇਕਲ ਗਰੁੱਪ ਦੇ ਮੈਂਬਰ ਹਰ ਰੋਜ਼ ਘੱਟੋ-ਘੱਟ 15 ਤੋਂ 20 ਕਿਲੋਮੀਟਰ ਸਾਇਕਲ ਚਲਾਉਂਦੇ ਹਨ ਅਤੇ ਲੋਕਾਂ ਨੂੰ ਸਮਾਜ ਪ੍ਰਤੀ ਚੰਗੀ ਸੋਚ ਰੱਖਣ ਲਈ ਪ੍ਰੇਰਿਤ ਵੀ ਕਰਦੇ ਹਨ ਉਨ੍ਹਾਂ ਦੱਸਿਆ ਕਿ ਸਾਇਕਲਿੰਗ ਕਰਨ ਨਾਲ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਤੋਂ ਨਿਜਾਤ ਮਿਲਦੀ ਹੈ ਅਤੇ ਸ਼ਰੀਰ ਤੰਦਰੁਸਤ ਰਹਿੰਦਾ ਹੈ।
