ਮਾਨਸਾ, 10 ਸਤੰਬਰ (ਸਾਰਾ ਯਹਾ, ਬਲਜੀਤ ਸ਼ਰਮਾ): ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਅਤੇ ਕੋਰੋਨਾ ਦੇ ਫੈਲਣ ਨੂੰ ਰੋਕਣ ਲਈ ਪੰਜਾਬ ਸਰਕਾਰ ਦੁਆਰਾ ਚਲਾਏ ਗਏ ਮਿਸ਼ਨ ਫਤਿਹ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਆਫ਼ਤ ਪ੍ਰਬੰਧਨ ਐਕਟ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸ਼ਹਿਰ ਮਾਨਸਾ ਵਿਖੇ ਜੈਨ ਸਕੂਲ ਵਾਲੀ ਗਲੀ, ਥਾਣਾ ਸਿਟੀ-1 ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਇਲਾਕੇ ਦੇ ਨਾਲ ਲੱਗਦੇ ਏਰੀਏ ਨੂੰ ਬਫ਼ਰ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਇਸ ਨੂੰ ਲਾਗੂ ਕਰਵਾਉਣ ਲਈ 5 ਮੈਂਬਰੀ ਰੈਪਿਡ ਰਿਸਪੌਂਸ ਟੀਮ ਦਾ ਗਠਨ ਕੀਤਾ ਗਿਆ ਹੈ, ਜਿੰਨ੍ਹਾਂ ਵਿਚ ਤਹਿਸੀਲਦਾਰ ਅਮਰਜੀਤ ਸਿੰਘ, ਡੀ.ਐਸ.ਪੀ. ਮਾਨਸਾ ਹਰਜਿੰਦਰ ਸਿੰਘ ਗਿੱਲ, ਐਸ.ਐਮ.ਓ. ਮਾਨਸਾ ਹਰਚੰਦ ਸਿੰਘ, ਐਸ.ਐਚ.ਓ. ਸਿਟੀ-1 ਮਾਨਸਾ, ਸੁਖਜੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਮਾਨਸਾ ਬਲਵਿੰਦਰ ਸਿੰਘ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਹ 5 ਮੈਂਬਰੀ ਕਮੇਟੀ ਕੰਟੇਨਮੈਂਟ ਜੋਨ ਵਿਚ ਕੋਰੋਨਾ ਦੀ ਚੇਨ ਨੂੰ ਤੋੜਨ ਲਈ ਹਰ ਤਰ੍ਹਾਂ ਦੇ ਉਪਰਾਲੇ ਕਰੇਗੀ ਤਾਂ ਜੋ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ। 5 ਮੈਬਰੀ ਕਮੇਟੀ ਦੁਆਰਾ ਮੈਡੀਕਲ ਸੇਵਾਵਾਂ ਤੋਂ ਇਲਾਵਾ ਲੋਕਾਂ ਨੂੰ ਜਾਗਰੂਕ ਕਰਨ, ਇਸ ਜ਼ੋਨ ਵਿਚ ਕੰਮ ਕਰਦੇ ਵਿਅਕਤੀਆਂ ਨੂੰ ਸੁਰੱਖਿਆ ਸੇਵਾਵਾਂ ਪ੍ਰਦਾਨ ਕਰਨ ਅਤੇ ਫੀਲਡ ਸਟਾਫ ਦੇ ਰਹਿਣ ਸਹਿਣ ਅਤੇ ਖਾਣ ਪੀਣ ਦੇ ਪ੍ਰਬੰਧ ਦਾ ਖਿਆਲ ਰੱਖਿਆ ਜਾਵੇਗਾ।
ਡੀ.ਐਸ.ਪੀ. ਦੁਆਰਾ ਐਸ.ਐਚ.ਓ. ਦੀ ਮਦਦ ਨਾਲ ਇਹ ਖਿਆਲ ਰੱਖਿਆ ਜਾਵੇਗਾ ਕਿ ਕੋਈ ਵੀ ਵਿਅਕਤੀ ਕਿਸੇ ਕੋਰੋਨਾ ਮਰੀਜ਼ ਦੇ ਸੰਪਰਕ ਵਿਚ ਨਾ ਆਵੇ। ਇਸ ਟੀਮ ਵੱਲੋਂ ਨਿਗਰਾਨੀ ਰੱਖੀ ਜਾਵੇਗੀ ਤਾਂ ਕਿ ਜੇਕਰ ਕੋਈ ਵੀ ਵਿਅਕਤੀ ਕਿਸੇ ਕੋਰੋਨਾ ਪੀੜਤ ਸੰਪਰਕ ਵਿਚ ਆਇਆ ਹੈ ਤਾਂ ਉਸ ਨੂੰ ਟਰੇਸ ਕੀਤਾ ਜਾ ਸਕੇ। ਇਸ ਤੋਂ ਇਲਾਵਾ ਟੀਮ ਵੱਲੋਂ ਸਮਾਜਿਕ ਦੂਰੀ ਅਤੇ ਸੁਰੱਖਿਆ ਪ੍ਰਬੰਧਾਂ ਦਾ ਖਿਆਲ ਰੱਖਣ ਲਈ ਗਲੀ ਦੇ ਐਂਟਰੀ ਪੁਆਇੰਟ ਸੀਲ ਕੀਤੇ ਜਾਣਗੇ। ਹਰ ਆਉਣ ਜਾਣ ਵਾਲੇ ਵਿਅਕਤੀ ਨੂੰ ਚੈੱਕ ਕੀਤਾ ਜਾਵੇਗਾ। ਕੋਰੋਨਾ ਪੀੜਤਾਂ ਦੇ ਸੰਪਰਕ ਵਿਚ ਆਉਣ ਵਾਲੇ ਜੋ ਲੋਕ ਇਕਾਂਤਵਾਸ ਕੀਤੇ ਜਾਣ ਉਨ੍ਹਾਂ ਦੀ ਨਿਗਰਾਨੀ ਰੱਖੀ ਜਾਵੇਗੀ।
ਸਿਵਲ ਸਰਜਨ, ਐਸ.ਐਮ.ਓ. ਅਤੇ ਸਿਹਤ ਵਿਭਾਗ ਦੇ ਅਮਲੇ ਵੱਲੋਂ ਸੈਂਪÇਲੰਗ ਕੀਤੀ ਜਾਵੇਗੀ, ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਆਸ਼ਾ ਵਰਕਰਜ਼, ਆਂਗਣਵਾੜੀ ਵਰਕਰਜ਼ ਅਤੇ ਏ.ਐਨ.ਐਮਜ਼ ਦੁਆਰਾ ਡੋਰ ਟੂ ਡੋਰ ਰੋਜ਼ਾਨਾ 50 ਘਰਾਂ ਦਾ ਸਰਵੇ ਕੀਤਾ ਜਾਵੇਗਾ। ਸ਼ੱਕੀ ਵਿਅਕਤੀਆਂ ਨੂੰ ਮਾਸਕ ਅਤੇ ਲੋੜ ਮੁਤਾਬਕ ਉਨ੍ਹਾਂ ਦੀ ਸੈਂਪÇਲੰਗ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸ਼ੱਕੀ ਵਿਅਕਤੀ ਨੂੰ ਘਰ ਵਿਚ ਇਕਾਂਤਵਾਸ ਵੀ ਕੀਤਾ ਜਾਵੇਗਾ। ਕੰਟੇਨਮੈਂਟ ਜ਼ੋਨ ਅੰਦਰ ਆਉਣ ਅਤੇ ਬਾਹਰ ਜਾਣ ਵਾਲੇ ਹਰ ਵਹੀਕਲ ਨੂੰ ਸੈਨੀਟਾਈਜ਼ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਇਸ ਏਰੀਏ ਅੰਦਰ ਨਿਰਵਿਘਨ ਫਲ ਅਤੇ ਸਬਜ਼ੀਆਂ ਦੀ ਸਪਲਾਈ, ਪਾਣੀ ਅਤੇ ਸੀਵਰੇਜ਼ ਦੀ ਨਿਰਵਿਘਨ ਵਿਵਸਥਾ, ਪਸ਼ੂਆਂ ਲਈ ਖ਼ੁਰਾਕ ਅਤੇ ਚਾਰੇ ਦਾ ਮੁਕੰਮਲ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਕਿਹਾ ਇਸ ਸਬੰਧੀ ਸਮੂਹ ਅਧਿਕਾਰੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਤਾਂ ਜੋ ਹਰ ਕਿਸੇ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਕੋਰੋਨਾ ਤੇ ਫਤਿਹ ਪ੍ਰਾਪਤ ਕੀਤੀ ਜਾ ਸਕੇ।