
ਚੰਡੀਗੜ੍ਹ, 12 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ) : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੇ ਕੀਤੇ ਵਾਅਦੇ ਤਹਿਤ ਪਿਛਲੇ 9 ਮਹੀਨਿਆਂ ਤੋਂ ਰਿਸ਼ਵਤਖੋਰਾਂ ਖਿਲਾਫ ਵਿੱਢੀ ਮੁਹਿੰਮ ਦੀ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਭਰਵੇਂ ਸ਼ਬਦਾਂ ਵਿਚ ਪ੍ਰਸ਼ੰਸ਼ਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਦ੍ਰਿੜ ਇਰਾਦੇ ਨਾਲ ਭ੍ਰਿਸ਼ਟਾਚਾਰੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਮੁਹਿੰਮ ਦੀ ਕਾਮਯਾਬੀ ਲਈ ਆਮ ਲੋਕਾਂ ਨੂੰ ਪੰਜਾਬ ਸਰਕਾਰ ਦਾ ਖੁੱਲ੍ਹ ਕੇ ਸਾਥ ਦੇਣਾ ਚਾਹੀਦਾ ਹੈ।
ਜਿੰਪਾ ਨੇ ਕਿਹਾ ਕਿ ਸਰਕਾਰ ਬਣਦੇ ਸਾਰ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸੂਬਾ ਸਰਕਾਰ ਨੇ ਪ੍ਰਣ ਕੀਤਾ ਸੀ ਕਿ ਰਿਸ਼ਵਤਖੋਰੀ ਦੇ ਕੋਹੜ ਨੂੰ ਪੰਜਾਬ ‘ਚੋਂ ਖਤਮ ਕਰਕੇ ਦਮ ਲਿਆ ਜਾਵੇਗਾ ਅਤੇ ਇਸ ਮਕਸਦ ਦੀ ਪੂਰਤੀ ਲਈ ਕਿਸੇ ਵੀ ਪੱਧਰ ਦੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਭ੍ਰਿਸ਼ਟਾਚਾਰੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕਿਸੇ ਵੀ ਪੱਧਰ ਦਾ ਦਬਾਅ ਰਿਸ਼ਵਤਖੋਰਾਂ ਨੂੰ ਕਾਰਵਾਈ ਤੋਂ ਬਚਾਅ ਨਹੀਂ ਸਕਦਾ।
ਮਾਲ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਰਾਜ ਦੌਰਾਨ ਕਈ ਵਿਭਾਗਾਂ ਦੀ ਕਾਰਗੁਜ਼ਾਰੀ ਤੋਂ ਆਮ ਲੋਕ ਕਾਫੀ ਦੁਖੀ ਸਨ ਪਰ ਜਦੋਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀ ਸੇਵਾ ਸੰਭਾਲੀ ਹੈ ਉਦੋਂ ਤੋਂ ਸਾਰਥਕ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਆਪਣੀ ਹੀ ਸਰਕਾਰ ਦੇ ਇਕ ਮੰਤਰੀ ਤੋਂ ਲੈ ਕੇ ਪਿਛਲੀਆਂ ਸਰਕਾਰਾਂ ਵਿਚ ਭ੍ਰਿਸ਼ਟਾਚਾਰੀ ਤਰੀਕਿਆਂ ਰਾਹੀਂ ਪੰਜਾਬ ਨੂੰ ਲੁੱਟਣ ਵਾਲੇ ਸਿਆਸਤਦਾਨਾਂ ਅਤੇ ਅਫਸਰਾਂ ਦਾ ਪਰਦਾਫਾਸ਼ ਕਰਕੇ ਮਾਨ ਸਰਕਾਰ ਨੇ ਇਹ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਰਿਸ਼ਵਤਖੋਰੀ ਕਰਨ ਵਾਲੇ ਕਿਸੇ ਵੀ ਮੰਤਰੀ, ਅਫਸਰ ਜਾਂ ਕਰਮਚਾਰੀ ਨੂੰ ਬਖਸ਼ਿਆਂ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਅਤੇ ਦਿੱਕਤ ਰਹਿਤ ਸੇਵਾਵਾਂ ਦੇਣਾ ਅਫਸਰਾਂ/ਕਰਮਚਾਰੀਆਂ ਦਾ ਫਰਜ਼ ਹੈ ਅਤੇ ਡਿਊਟੀ ਵੀ। ਇਸ ਦੇ ਬਾਵਜੂਦ ਜੋ ਮੁਲਾਜ਼ਮ ਭ੍ਰਿਸ਼ਟ ਕੰਮਾਂ ਵਿਚ ਗਲਤਾਨ ਹਨ ਉਹ ਹਾਲੇ ਵੀ ਸੁਧਰ ਜਾਣ ਕਿਉਂ ਕਿ ਕਿਸੇ ਵੀ ਪੱਧਰ ‘ਤੇ ਰਿਸ਼ਵਤਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮਾਲ ਵਿਭਾਗ ਦੇ ਅਫਸਰਾਂ ਅਤੇ ਕਰਮਚਾਰੀਆਂ ਨੂੰ ਵੀ ਅਪੀਲ ਕੀਤੀ ਕਿ ਲੋਕ ਸੇਵਾ ਨੂੰ ਪਹਿਲ ਦਿੱਤੀ ਜਾਵੇ ਅਤੇ ਲੋਕਾਂ ਦੇ ਕੰਮ ਬਿਨਾਂ ਸਿਫਾਰਸ਼ ਅਤੇ ਰਿਸ਼ਵਤ ਦੇ ਕੀਤੇ ਜਾਣ।
ਇਸ ਦੇ ਨਾਲ ਹੀ ਜਿੰਪਾ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਮਾਲ ਵਿਭਾਗ ਨਾਲ ਸਬੰਧਤ ਕਿਸੇ ਵੀ ਕੰਮ ਨੂੰ ਕਰਾਉਣ ਲਈ ਕਿਸੇ ਵੀ ਅਫਸਰ ਜਾਂ ਮੁਲਾਜ਼ਮ ਨੂੰ ਰਿਸ਼ਵਤ ਨਾ ਦਿੱਤੀ ਜਾਵੇ ਅਤੇ ਜੇਕਰ ਕੋਈ ਰਿਸ਼ਵਤ ਮੰਗਦਾ ਹੈ ਤਾਂ ਇਸ ਦੀ ਰਿਪੋਰਟ ਤੁਰੰਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭ੍ਰਿਸ਼ਟ ਅਫਸਰਾਂ ਤੇ ਮੁਲਾਜ਼ਮਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆਂ ਨਹੀਂ ਜਾਵੇਗਾ। ਮਾਨ ਸਰਕਾਰ ਰਿਸ਼ਵਤਖੋਰੀ ਦੇ ਸਖਤ ਖਿਲਾਫ ਹੈ ਅਤੇ ਰਿਸ਼ਵਤਖੋਰਾਂ ਲਈ ਕੋਈ ਮੁਆਫੀ ਨਹੀਂ ਹੈ।
———-
