ਚੰਡੀਗੜ੍ਹ ,2 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਮਾਲ ਗੱਡੀਆਂ ਰੋਕਣ ਦਾ ਸਭ ਵੱਧ ਕਾਰੋਬਾਰੀਆਂ ਨੂੰ ਸੇਕ ਲੱਗ ਰਿਹਾ ਹੈ। ਵਪਾਰੀਆਂ ਨੂੰ ਰੋਜ਼ਾਨਾ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ। ਇਸ ਲਈ ਹੁਣ ਉਹ ਵੀ ਕਿਸਾਨਾਂ ਦੇ ਨਾਲ ਹੀ ਮੋਦੀ ਸਰਕਾਰ ਖਿਲਾਫ ਡਟ ਗਏ ਹਨ। ਇਕੱਲੇ ਅੰਮ੍ਰਿਤਸਰ ਦੇ ਵਪਾਰੀਆਂ ਦਾ 2,500 ਕਰੋੜ ਰੁਪਏ ਦਾ ਮਾਲ ‘ਡ੍ਰਾਈ ਪੋਰਟ’ ਉੱਤੇ ਪਿਆ ਹੈ। ਬੀਤੇ 40 ਦਿਨਾਂ ਤੋਂ ਫਸੇ ਮਾਲ ਕਾਰਨ ਵਪਾਰੀਆਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।
ਇਸ ਬਾਰੇ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ ਨੇ ਦੱਸਿਆ ਕਿ ਕੇਂਦਰ ਸਰਕਾਰ ਆਪਣਾ ਜ਼ਿੱਦੀ ਰਵੱਈਆ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ। ਉਨ੍ਹਾਂ ਕਿਹਾ ਕਿ ਮਾਲ ਨੂੰ ਦੂਜੇ ਸਟੇਸ਼ਨ ਉੱਤੇ ਭੇਜ ਨਾ ਸਕਣ ਕਾਰਨ ਮਜ਼ਦੂਰ ਵਰਗ ਵੀ ਪ੍ਰਭਾਵਿਤ ਹੋ ਰਿਹਾ ਹੈ। ਅਗਲੇ ਇੱਕ-ਦੋ ਦਿਨਾਂ ਤੱਕ ਜੇ ਮਾਲ ਗੱਡੀਆਂ ਨਾ ਚੱਲੀਆਂ, ਤਾਂ ਪੰਜਾਬ ਵਿੱਚ ਬਿਜਲੀ ਸੰਕਟ ਵੀ ਪੈਦਾ ਹੋ ਸਕਦਾ ਹੈ। ਇਸ ਨਾਲ ਉਦਯੋਗ ਠੱਪ ਹੋ ਜਾਣਗੇ।
ਪਿਆਰਾ ਲਾਲ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਟੈਕਸਟਾਈਲ ਉਦਯੋਗ ਦਾ ਕੱਪੜਾ, ਧਾਗਾ ਤੇ ਹੋਰ ਕੱਚਾ ਮਾਲ ਦੂਜੇ ਰਾਜਾਂ ਤੋਂ ਆਉਂਦਾ ਹੈ। ਪੰਜਾਬ ਤੋਂ ਚੌਲ਼, ਸੁੱਕੇ ਮੇਵੇ ਤੇ ਹੋਰ ਖ਼ੁਰਾਕੀ ਵਸਤਾਂ ਹੋਰਨਾਂ ਰਾਜਾਂ ਨੂੰ ਭੇਜੀਆਂ ਜਾਂਦੀਆਂ ਹਨ। ਵਪਾਰੀਆਂ ਦਾ ਮਾਲ ਲੁਧਿਆਣਾ ਦੀ ‘ਡ੍ਰਾਈ ਪੋਰਟ’ ਉੱਤੇ ਰੁਕਿਆ ਹੋਇਆ ਹੈ। ਮਾਲ ਦੀ ਸਪਲਾਈ ਨਾ ਹੋਣ ਕਾਰਨ ਆਰਥਿਕ ਗਤੀਵਿਧੀਆਂ ਰੁਕ ਗਈਆਂ ਹਨ।
ਮਾਲ ਨਾ ਪੁੱਜਣ ਕਾਰਣ ਦੂਜੇ ਰਾਜਾਂ ਦੇ ਵਪਾਰੀ ਆਰਡਰ ਰੱਦ ਕਰ ਰਹੇ ਹਨ। ਇਸ ਨਾਲ ਸਰਕਾਰੀ ਆਮਦਨ ਦਾ ਵੀ ਨੁਕਸਾਨ ਹੋਵੇਗਾ। ਪਿਆਰਾ ਲਾਲ ਮੁਤਾਬਕ ਕੇਂਦਰ ਸਰਕਾਰ ਸੁਰੱਖਿਆ ਦਾ ਹਵਾਲਾ ਦੇ ਕੇ ਮਾਲ ਗੱਡੀਆਂ ਦੇ ਚੱਲਣ ਉੱਤੇ ਪਾਬੰਦੀ ਨਹੀਂ ਲਾ ਸਕਦੀ। ਰੇਲ ਪਟੜੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਹੈ। ਤਿਉਹਾਰਾਂ ਦੇ ਮੌਸਮ ਨੂੰ ਵੇਖਦਿਆਂ ਮਾਲ ਗੱਡੀਆਂ ਦੀ ਆਵਾਜਾਈ ਤੁਰੰਤ ਬਹਾਲ ਕੀਤੀ ਜਾਣੀ ਚਾਹੀਦੀ ਹੈ।