ਗੁਰਦਾਸਪੁਰ 24,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਜ਼ਿਲ੍ਹਾ ਦੇ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਨਿੱਕੂ ਸਰਾਂ ਵਿਚ ਮਾਮੂਲੀ ਤਕਰਾਰ ਨੂੰ ਲੈ ਕੇ ਦੋ ਧਿਰਾਂ ਵਿਚ ਹੋਈ ਖੂਨੀ ਝੜਪ ਹੋਈ। ਇਸ ਦੌਰਾਨ ਇੱਕ 40 ਸਾਲਾ ਨਰਿੰਦਰ ਸਿੰਘ ਦੇ ਸਿਰ ‘ਤੇ ਸੱਟ ਲੱਗਣ ਕਾਰਨ ਮੌਕੇ ‘ਤੇ ਮੌਤ ਹੋ ਗਈ ਸੀ। ਉਸ ਵੇਲੇ ਪੁਲਿਸ ਦੇ ਵਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਕੇਸ ਵੀ ਦਰਜ ਕੀਤਾ ਗਿਆ ਸੀ, ਲੇਕਿਨ ਚਾਰ ਦਿਨ ਬੀਤਣ ਤੋਂ ਬਾਅਦ ਵੀ ਪੁਲਿਸ ਦੇ ਵਲੋਂ ਆਰੋਪੀਆ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਜਿਸ ਦੇ ਰੋਸ਼ ਵਜੋਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਕਿਸਾਨ ਜਥੇਬੰਦੀ ਵਲੋਂ ਮ੍ਰਿਤਕ ਦੀ ਦੇਹ ਨੂੰ ਡੇਰਾ ਬਾਬਾ ਨਾਨਕ ਪੁਲਿਸ ਥਾਣੇ ਦੇ ਸਾਹਮਣੇ ਰੱਖ ਕੇ ਪੁਲਿਸ ਦੇ ਖਿਲਾਫ ਜਮ ਕੇ ਨਾਰੇਬਾਜੀ ਕੀਤੀ।
ਇਸ ਦੌਰਾਨ ਰੋਸ਼ ਪ੍ਰਦਰਸ਼ਨ ਕਰਦਿਆਂ ਮ੍ਰਿਤਕ ਨਰਿੰਦਰ ਸਿੰਘ ਦੇ ਪਰਿਵਾਰਿਕ ਮੈਂਬਰ ਜਸਕਰਨ ਕੌਰ ਅਤੇ ਕਿਸਾਨ ਜਥੇਬੰਦੀ ਦੇ ਆਗੂ ਹਰਜਿੰਦਰ ਸਿੰਘ ਦਾ ਕਹਿਣਾ ਸੀ ਕਿ ਚਾਰ ਦਿਨ ਬੀਤ ਜਾਣ ਮਗਰੋਂ ਵੀ ਪੁਲਿਸ ਵਲੋਂ ਰਾਜਨੀਤੀਕ ਦਬਾਵ ਕਾਰਨ ਕਿਸੇ ਆਰੋਪੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਜਦਕਿ ਆਰੋਪੀ ਸ਼ਰੇਆਮ ਘੁੰਮ ਰਹੇ ਹਨ। ਪੀੜਤ ਪਰਿਵਾਰਿਕ ਮੈਂਬਰਾਂ ਨੇ ਇੰਸਾਫ ਦੀ ਅਪੀਲ ਕੀਤੀ ਹੈ।
ਇਸ ਪ੍ਰਦਰਸ਼ਨ ਨੂੰ ਲੈਕੇ ਥਾਣਾ ਡੇਰਾ ਬਾਬਾ ਨਾਨਕ ਦੇ ਐਸ ਐਚ ਓ ਅਵਤਾਰ ਸਿੰਘ ਦਾ ਕਹਿਣਾ ਸੀ ਕਿ ਇਸ ਕਤਲ ਮਾਮਲੇ ਵਿਚ ਪੁਲਿਸ ਦੇ ਵਲੋਂ ਕੇਸ ਦਰਜ ਕਰ ਦਿੱਤਾ ਗਿਆ ਹੈ। ਅਤੇ ਪੁਲਿਸ ਦੇ ਵਲੋਂ ਤਫਤੀਸ਼ ਵੀ ਜਾਰੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਆਰੋਪੀਆ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਜਿਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।