
ਮਾਨਸਾ, 24 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐਸ ਐਸ ਆਈ ) ਦੀ ਪੰਜਾਬ ਇਕਾਈ ਨੇ ਸਰਕਾਰੀ ਸੈਕੰਡਰੀ ਸਕੂਲ ਪਿੰਡ ਬੱਦੋਵਾਲ (ਲੁਧਿਆਣਾ) ਦੇ ਸਕੂਲ ਦੀ ਛੱਤ ਡਿੱਗਣ ਨਾਲ ਹੋਈ ਦੁਰਘਟਨਾ ਦੌਰਾਨ ਅਧਿਆਪਕਾ ਸ਼੍ਰੀਮਤੀ ਰਵਿੰਦਰਪਾਲ ਕੌਰ ਦੀ ਮੌਤ ਦੇ ਮਾਮਲੇ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਇਸ ਘਟਨਾ ਲਈ ਜਥੇਬੰਦੀ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਮਾੜੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਵਿਦਿਆਰਥੀ ਜਥੇਬੰਦੀ ਐਸ.ਐਸ. ਆਈ. ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅੱਜ ਇੱਥੇ ਐਸ.ਐਫ.ਆਈ ਦੇ ਸੂਬਾਈ ਕਨਵੀਨਰ ਮਾਨਵ ਮਾਨਸਾ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਪਿਛਲੀ ਪੰਜਾਬ ਸਰਕਾਰ ਨੇ ਜਿਥੇ ਇਸ ਸਕੂਲ ਦੀ 60 ਸਾਲ ਤੋਂ ਵੀ ਪੁਰਾਣੀ ਇਮਾਰਤ ਨੂੰ ਰੰਗ ਰੋਗਨ ਕਰਕੇ ਹੀ ਸਮਾਰਟ ਬਣਾ ਦਿੱਤਾ, ਉਥੇ ਹੁਣ ‘ਬਦਲਾਅ’ ਵਾਲੀ ਮਾਨ ਸਰਕਾਰ ਨੇ ਇਸੇ ਖਸਤਾ ਹਾਲ ਇਮਾਰਤ ‘ਤੇ ਹੀ ਸਕੂਲ ਆਫ ਐਮੀਨੈਸ’ ਦਾ ਫੱਟਾ ਲਾ ਦਿੱਤਾ ਅਤੇ ਅਸਲ ਹਕੀਕਤਾਂ ਸਮਝਕੇ ਜਮੀਨੀ ਸੁਧਾਰ ਕਰਨ ਦੀ ਥਾਂ ਸਕੂਲਾਂ ਦੀ ਇੱਕ ਹੋਰ ਨਵੀਂ ਵੰਨਗੀ ਰਾਹੀਂ ਰਾਜਸੀ ਹਿੱਤਾ ਖਾਤਰ ਸਿਰਫ ਫੋਕਾ ਪ੍ਰਚਾਰ ਕੀਤਾ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਕੀਮਤੀ ਜਾਨਾਂ ਨੂੰ ਦਾਅ ‘ਤੇ ਲਗਾਇਆ ਹੈ।ਐਸ ਐਸ ਆਈ ਆਗੂ ਨੇ ਇਸ ਦੁਰਘਟਨਾ ਦੀ ਨਿਰਪੱਖ ਜਾਂਚ ਕਰਕੇ ਸਿੱਖਿਆ ਮੰਤਰੀ, ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ, ਸਬੰਧਿਤ ਠੇਕੇਦਾਰ ਅਤੇ ਸਕੂਲ ਪ੍ਰਿੰਸੀਪਲ ਸਮੇਤ ਹੋਰਨਾਂ ਜਿੰਮੇਵਾਰ ਵਿਅਕਤੀਆਂ ਦੀ ਭੂਮਿਕਾ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ‘ਤੇ ਸਖਤ ਕਾਰਵਾਈ ਅਤੇ ਬਣਦੀਆਂ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ ਅਤੇ ਜਥੇਬੰਦੀ ਵੱਲੋਂ ਮ੍ਰਿਤਕ ਅਧਿਆਪਕਾ ਦੇ ਪਰਿਵਾਰ ਲਈ ਨੌਕਰੀ ਅਤੇ ਯੋਗ ਮੁਆਵਜ਼ੇ ਸਮੇਤ ਤਿੰਨ ਫੱਟੜ ਅਧਿਆਪਕਾਵਾਂ ਦੇ ਸਰਕਾਰੀ ਖਰਚੇ ‘ਤੇ ਇਲਾਜ ਦੀ ਮੰਗ ਵੀ ਕੀਤੀ ਹੈ।
