*ਮਾਨ ਸਰਕਾਰ ਨੇ 15 ਦਿਨਾਂ ‘ਚ ਲਿਆ 5500 ਕਰੋੜ ਰੁਪਏ ਦਾ ਕਰਜ਼ਾ, ਵਿਰੋਧੀ ਬੋਲੇ ਹੁਣ ਤੁਸੀਂ ਕਿਸ ਰਾਹ ਪਏ? *

0
13

ਚੰਡੀਗੜ੍ਹ 20,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਆਪ ਸਰਕਾਰ ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਜਾਂਚ ਕਰਵਾਏਗੀ। ਇਸ ਬਿਆਨ ਮਗਰੋਂ ਵਿਰੋਧੀਆਂ ਨੇ ਮਾਨ ਸਰਕਾਰ ਨੂੰ ਹੀ ਲਪੇਟੇ ‘ਚ ਲੈਣ ਦੀ ਕੋਸ਼ਿਸ਼ ਕੀਤੀ ਹੈ। ਬੀਜੀਪੇ ਤੇ ਹੁਣ ਅਕਾਲੀ ਦਲ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਤੇ ਸਵਾਲ ਚੁੱਕੇ ਹਨ।

ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ ਨੇ ਕਿਹਾ ਕਿ, “ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਕਹਿੰਦੇ ਕੁਝ ਨੇ ਤੇ ਕਰਦੇ ਕੁਝ। ਇੱਕ ਪਾਸੇ ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਸਿਰ ਕਰਜ਼ੇ ਦੀ ਜਾਂਚ ਕਰਨਗੇ ਤੇ ਦੂਜੇ ਪਾਸੇ ਸਰਕਾਰ ਨੇ ਸਿਰਫ 14 ਦਿਨਾਂ ਅੰਦਰ 5500 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ।”

ਚੀਮਾ ਨੇ ਕਿਹਾ ਕਿ ਭਗਵੰਤ ਮਾਨ ਕਹਿੰਦੇ ਹਨ ਕਿ ਕਰਜ਼ਾ ਕਿਸੇ ਹੋਰ ਕੰਮ ਲਈ ਲਿਆ ਤੇ ਪੈਸਾ ਕਿਤੇ ਹੋਰ ਇਸਤਮਾਲ ਕੀਤਾ। ਉਨ੍ਹਾਂ ਮਾਨ ਨੂੰ ਸਵਾਲ ਪੁੱਛਦੇ ਹੋਏ ਕਿਹਾ ਕਿ ਉਹ ਦੱਸਣ ਕਿ ਉਨ੍ਹਾਂ ਨੇ 5500 ਕਰੋੜ ਦਾ ਕਰਜ਼ਾ ਕਿਉਂ ਲਿਆ ਹੈ ਕਿਉਂਕਿ ਉਸ ਵਿੱਚ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਇਹ ਕਰਜ਼ ਕਿਸ ਕੰਮ ਲਈ ਲਿਆ ਗਿਆ ਹੈ।

ਅਕਾਲੀ ਆਗੂ ਨੇ ਕਿਹਾ ਕਿ “ਜਿਸ ਹਿਸਾਬ ਨਾਲ ਮਾਨ ਸਰਕਾਰ ਨੇ ਕਰਜ਼ਾ ਲਿਆ ਹੈ, ਉਸ ਤਰ੍ਹਾਂ ਤਾਂ ਮਹੀਨੇ ਦਾ 1100 ਕਰੋੜ ਰੁਪਏ ਬਣਦਾ ਹੈ ਤੇ ਸਾਲ ਦਾ 70000 ਕਰੋੜ ਦੇ ਕਰੀਬ। ਹੁਣ ਭਗਵੰਤ ਮਾਨ ਦੱਸਣ ਕਿ ਉਹ ਰਾਹ ਚੱਲ ਪਏ ਹਨ।”

ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪੈਸੇ ਦੀ ਰਿਕਵਰੀ ਕਰਵਾਈ ਜਾਵੇਗੀ ਕਿਉਂਕਿ ਇਹ ਜਨਤਾ ਦਾ ਪੈਸਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਪੰਜਾਬ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ ਛੱਡ ਗਈਆਂ ਹਨ ਪਰ ਇਹ ਕਰਜ਼ਾ ਵਰਤਿਆ ਕਿੱਥੇ ਗਿਆ, ਇਸ ਦਾ ਜਾਂਚ ਕਰਵਾ ਕੇ ਰਿਕਵਰੀ ਕਰਾਂਗੇ।

ਉਧਰ, ਇਸ ਮਾਮਲੇ ‘ਤੇ ਬੋਲਦੇ ਹੋਏ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਨੇ ਕਿਹਾ ਹੈ ਕਿ ਜਿਵੇਂ ਕੋਈ ਵੀ ਬਿਜ਼ਨੈਸ ਚਲਾਉਣ ਵਾਸਤੇ ਲੋਨ ਲੇਣਾ ਪੈਂਦਾ ਹੈ। ਉਸ ਤਰ੍ਹਾਂ ਹੀ ਸੂਬੇ ਦੀ ਸਥਿਤੀ ਸੁਧਾਰਨ ਲਈ ਲੋਨ ਲਿਆ ਗਿਆ ਹੈ।

LEAVE A REPLY

Please enter your comment!
Please enter your name here