
ਮਾਨਸਾ/ਬੁਢਲਾਡਾ, 28 ਫਰਵਰੀ (ਸਾਰਾ ਯਹਾਂ/ ਮੁੱਖ ਸੰਪਾਦਕ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਸੂਬਾ ਸਰਕਾਰ ਵੱਲੋਂ ਪਿਛਲੇ 11 ਮਹੀਨਿਆਂ ਦੌਰਾਨ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਰਾਹੀਂ ਵੱਖ-ਵੱਖ ਕਿਰਤ ਭਲਾਈ ਸਕੀਮਾਂ ਤਹਿਤ ਰਜਿਸਟਰਡ 57,829 ਉਸਾਰੀ ਕਿਰਤੀਆਂ ਨੂੰ ਵੱਖ ਵੱਖ ਉਸਾਰੀ ਕਿਰਤੀ ਭਲਾਈ ਸਕੀਮਾਂ ਅਧੀਨ 77.65 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਹਲਕਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਉਸਾਰੀ ਕਿਰਤੀਆਂ ਦੀ ਸੁਵਿਧਾ ਲਈ ਮੋਬਾਇਲ ਐਪ ‘‘ਪੰਜਾਬ ਕਿਰਤੀ ਸਹਾਇਕ’’ ਲਾਂਚ ਕੀਤੀ ਹੋਈ ਹੈ। ਉਨ੍ਹਾ ਕਿਹਾ ਕਿ ਇਸ ਮੋਬਾਇਲ ਐਪ ਨਾਲ ਉਸਾਰੀ ਕਿਰਤੀ ਆਪਣੇ ਮੋਬਾਇਲ ਤੋਂ ਖੁਦ ਹੀ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਰਜਿਸਟ੍ਰੇਸ਼ਨ ਕਰ ਸਕਦਾ ਹੈ, ਜਿਸ ਨਾਲ ਉਸ ਨੂੰ ਆਪਣੀ ਦਿਹਾੜੀ ਦਾ ਨੁਕਸਾਨ ਕਰਕੇ ਸੇਵਾ ਕੇਂਦਰਾਂ ਵਿੱਚ ਜਾ ਕੇ ਰਜਿਸਟਰ ਕਰਵਾਉਣ ਦੀ ਲੋੜ ਨਹੀਂ ਪਵੇਗੀ।
ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਜ਼ਿਲ੍ਹਾ ਮਾਨਸਾ ਦੇ ਲੋੜਵੰਦ ਕਿਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ‘ਪੰਜਾਬ ਕਿਰਤੀ ਸਹਾਇਕ’ ਐਪ ਰਾਹੀਂ ਖੁਦ ਨੂੰ ਰਜਿਸਟਰ ਕਰਨ ਅਤੇ ਸੂਬਾ ਸਰਕਾਰ ਦੀਆਂ ਉਸਾਰੀ ਕਿਰਤੀ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈ ਕੇ ਲਾਭਪਾਤਰੀ ਬਣਨ।
