ਫਗਵਾੜਾ 8 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਪਿੰਡਾਂ ਦੀ ਨੁਹਾਰ ਬਦਲਣ ਲਈ ਕੀਤੇ ਜਾ ਰਹੇ ਯਤਨਾ ਤਹਿਤ ਫਗਵਾੜਾ ਹਲਕੇ ਦੇ ਵੱਖ-ਵੱਖ ਪਿੰਡਾਂ ਨੂੰ ਕੁੱਲ 1.25 ਕਰੋੜ ਦੀ ਗ੍ਰਾਂਟ ਦੇ ਚੈੱਕ ਵੱਖ-ਵੱਖ ਵਿਕਾਸ ਕਾਰਜਾਂ ਲਈ ਭੇਂਟ ਕੀਤੇ ਗਏ। ਇਸ ਸਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਫਗਵਾੜਾ ਵਿਖੇ ਆਯੋਜਿਤ ਸਮਾਗਮ ਦੌਰਾਨ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਅਤੇ ਸੂਬਾ ਸਪੋਕਸ ਪਰਸਨ ਹਰਨੂਰ ਸਿੰਘ ਮਾਨ ਵਿਸ਼ੇਸ਼ ਤੌਰ ਤੇ ਬੀ.ਡੀ.ਪੀ.ਓ. ਦਫਤਰ ਪੁੱਜੇ। ਉਹਨਾਂ ਨੇ ਪੰਚਾਇਤਾਂ ਨੂੰ ਗ੍ਰਾਂਟ ਦੇ ਚੈੱਕ ਤਕਸੀਮ ਕਰਦਿਆਂ ਕਿਹਾ ਕਿ ਇਹ ਗ੍ਰਾਂਟਾਂ ਇਸ ਗੱਲ ਦੀ ਗਰੰਟੀ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬੇ ਦੀ ਆਪ ਪਾਰਟੀ ਸਰਕਾਰ ਪਿੰਡਾਂ ਦੇ ਸਮੁੱਚੇ ਵਿਕਾਸ ਲਈ ਪ੍ਰਤੀਬੱਧ ਹੈ। ਜੋਗਿੰਦਰ ਸਿੰਘ ਮਾਨ ਨੇ ਦੱਸਿਆ ਕਿ ਵਿੱਤ ਵਰ੍ਹੇ 2023-24 ਤਹਿਤ 75 ਲੱਖ ਰੁਪਏ ਦੀ ਗ੍ਰਾਂਟ ਬਕਾਇਆ ਸੀ ਪਰ ਪਿਛਲੀਆਂ ਪੰਚਾਇਤਾਂ ਦਾ ਸਮਾਂ ਖਤਮ ਹੋਣ ਕਰਕੇ ਇਹਨਾਂ ਦੀ ਵੰਡ ਰੁਕੀ ਹੋਈ ਸੀ। ਜਦਕਿ ਵਿੱਤ ਵਰ੍ਹੇ 2024-25 ਤਹਿਤ 50 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਹੈ। ਇਸ ਤਰ੍ਹਾਂ ਕੁੱਲ 1.25 ਕਰੋੜ ਰੁਪਏ ਦੀ ਗ੍ਰਾਂਟ ਜਮਾ ਸੀ ਜੋ ਕਿ ਅੱਜ ਪਿੰਡਾਂ ‘ਚ ਖੇਡ ਸਟੇਡੀਅਮ, ਸੋਲਿਡ ਵੇਸਟ ਮੈਨੇਜਮੈਂਟ ਅਤੇ ਹੋਰ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਦਿੱਤੀ ਗਈ ਹੈ। ਇਸ ਤੋਂ ਇਲਾਵਾ ਲੋੜ ਅਨੁਸਾਰ ਹੋਰ ਗ੍ਰਾਂਟ ਦੇ ਪ੍ਰਬੰਧ ਦਾ ਭਰੋਸਾ ਵੀ ਉਹਨਾਂ ਵਲੋਂ ਦਿੱਤਾ ਗਿਆ। ਇਸ ਮੌਕੇ ਬੀ.ਡੀ.ਪੀ.ਓ. ਰਾਮਪਾਲ ਰਾਣਾ, ਸੀਨੀਅਰ ਆਗੂ ਦਲਜੀਤ ਸਿੰਘ ਰਾਜੂ, ਗੁਰਦੀਪ ਸਿੰਘ ਦੀਪਾ, ਵਰੁਣ ਬੰਗੜ ਸਰਪੰਚ ਚੱਕ ਹਕੀਮ, ਦੇਸਰਾਜ ਝਮੱਟ, ਅਵਤਾਰ ਸਿੰਘ ਪੰਡਵਾ, ਫੌਜੀ ਸ਼ੇਰਗਿੱਲ, ਵਿਪਨ ਹਰਦਾਸਪੁਰ, ਅਮਰਿੰਦਰ ਸਿੰਘ, ਨਰਿੰਦਰ ਸਿੰਘ ਸਰਪੰਚ ਮਾਧੋਪੁਰ, ਰਾਮ ਲੁਭਾਇਆ ਸਰਪੰਚ ਨਾਨਕ ਨਗਰੀ, ਕਸ਼ਮੀਰ ਹਰਬੰਸਪੁਰ, ਰਘਵੀਰ ਕੌਰ ਮਹਿਲਾ ਕੋਆਰਡੀਨੇਟਰ ਅਤੇ ਹੋਰ ਪਤਵੰਤੇ ਹਾਜਰ ਸਨ।