
ਫਗਵਾੜਾ 3 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਪਿੰਡ ਪਾਂਛਟ ਦੇ 30 ਪਰਿਵਾਰਾਂ ਨੇ ਸਾਬਕਾ ਸਰਪੰਚ ਹਰਜੀਤ ਸਿੰਘ ਦੇ ਯਤਨਾਂ ਸਦਕਾ ਬਸਪਾ ਦੀ ਮੈਂਬਰਸ਼ਿਪ ਛੱਡ ਕੇ ‘ਆਪ’ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਹਨਾਂ ਪਰਿਵਾਰਾਂ ਦਾ ਸਵਾਗਤ ਕਰਦਿਆਂ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪਰਿਵਾਰ ਦਿਨ ਪ੍ਰਤੀ ਦਿਨ ਵਧ ਰਿਹਾ ਹੈ ਅਤੇ ਇਹ ਉਨ੍ਹਾਂ ਲਈ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਸਮਾਜ ਦੇ ਹਰ ਵਰਗ ਦਾ ਯੋਗਦਾਨ ਜ਼ਰੂਰੀ ਹੈ ਅਤੇ ਇਹ ਉਦੋਂ ਹੀ ਸੰਭਵ ਹੋਵੇਗਾ ਜਦੋਂ ਵੱਧ ਤੋਂ ਵੱਧ ਲੋਕ ਪਾਰਟੀ ਨਾਲ ਜੁੜ ਕੇ ਭਗਵੰਤ ਮਾਨ ਸਰਕਾਰ ਦੇ ਹੱਥ ਮਜ਼ਬੂਤ ਕਰਨਗੇ। ਇਸ ਦੌਰਾਨ ‘ਆਪ’ ਪਾਰਟੀ ਵਿੱਚ ਸ਼ਾਮਲ ਹੋਏ ਸੁੱਚਾ ਸਿੰਘ, ਸੁਖਵੀਰ ਕੁਮਾਰ, ਦਵਿੰਦਰ ਸਿੰਘ, ਰਾਕੇਸ਼ ਕੁਮਾਰ, ਗੁਰਦੀਪ ਕੁਮਾਰ, ਪਰਮਿੰਦਰ ਸਿੰਘ, ਨਰਿੰਦਰ ਸਿੰਘ, ਸ਼ਿਵ ਕੁਮਾਰ ਆਦਿ ਨੇ ਕਿਹਾ ਕਿ ਉਨ੍ਹਾਂ ਨੇ ਸਾਰੀਆਂ ਪਾਰਟੀਆਂ ਦੀ ਕਾਰਜਸ਼ੈਲੀ ਦੇਖੀ ਹੈ ਪਰ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਸਰਕਾਰ ਹੈ ਜੋ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਇਸ ਪਾਰਟੀ ਨਾਲ ਹਮੇਸ਼ਾ ਜੁੜੇ ਰਹਿਣਗੇ ਅਤੇ ਆਉਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਸਰਬਸੰਮਤੀ ਨਾਲ ਪੰਚਾਇਤ ਬਣਾਉਣ ਵਿੱਚ ਸਹਿਯੋਗ ਕਰਨਗੇ ਤਾਂ ਜੋ ਪਿੰਡ ਦਾ ਸਰਬਪੱਖੀ ਵਿਕਾਸ ਹੋ ਸਕੇ।
