ਫਗਵਾੜਾ 13 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਆਮ ਆਦਮੀ ਪਾਰਟੀ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਫਗਵਾੜਾ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ ਚੱਲ ਰਹੇ ਝੋਨੇ ਦੀ ਖਰੀਦ ਦੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਐੱਸ.ਡੀ.ਐੱਮ. ਜਸ਼ਨਜੀਤ ਸਿੰਘ ਅਤੇ ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਦੌਰਾਨ ਉਨ੍ਹਾਂ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਜਿਸ ਤੋਂ ਬਾਅਦ ਗੱਲਬਾਤ ਕਰਦਿਆਂ ਮਾਨ ਨੇ ਦੱਸਿਆ ਕਿ ਐਤਵਾਰ ਤੱਕ ਕੁੱਲ 54,601 ਕੁਇੰਟਲ ਝੋਨੇ ਦੀ ਖਰੀਦ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਹੁਸ਼ਿਆਰਪੁਰ ਰੋਡ ਫਗਵਾੜਾ ਦੀ ਮੁੱਖ ਅਨਾਜ ਮੰਡੀ ਵਿੱਚ 37,241 ਕੁਇੰਟਲ, ਮਾਣਕ ਵਾਹਦ ਮੰਡੀ ਵਿੱਚ 6417 ਕੁਇੰਟਲ, ਰਾਣੀਪੁਰ ਮੰਡੀ ਵਿੱਚ 1326, ਰਿਹਾਣਾ ਜੱਟਾਂ ਮੰਡੀ ਵਿੱਚ 5066, ਰਾਵਲਪਿੰਡੀ ਮੰਡੀ ਵਿੱਚ 2239 ਕੁਇੰਟਲ ਅਤੇਪਾਛੰਟ ਮੰਡੀ ਵਿਚ 2313 ਕੁਇੰਟਲ ਝੋਨੇ ਦੀ ਖਰੀਦ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਇਸ ਮੌਕੇ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਖ਼ਰੀਦ ਅਤੇ ਲਿਫਟਿੰਗ ਦਾ ਕੰਮ ਸਮੇਂ ਸਿਰ ਯਕੀਨੀ ਬਣਾਇਆ ਜਾ ਰਿਹਾ ਹੈ। ਜੇਕਰ ਕੋਈ ਸਮੱਸਿਆ ਜਾਂ ਰੁਕਾਵਟ ਆਉਂਦੀ ਹੈ ਤਾਂ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾ ਸਕੇ। ਮਾਨ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਅਤੇ ਆੜ੍ਹਤੀਆਂ ਦੇ ਨਾਲ-ਨਾਲ ਮੰਡੀ ਮਜ਼ਦੂਰਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦੇਵੇਗੀ। ਇਹ ਸਰਕਾਰ ਸਾਰੇ ਵਰਗਾਂ ਦੇ ਹਿੱਤਾਂ ਦਾ ਬਰਾਬਰ ਖਿਆਲ ਰੱਖੇਗੀ। ਇਸ ਦੌਰਾਨ ਉਨ੍ਹਾਂ ਮੰਡੀਆਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਮੰਡੀ ਮੁਲਾਜ਼ਮਾਂ ਨੂੰ ਲੋੜੀਂਦੇ ਸੁਝਾਅ ਦਿੱਤੇ। ਉਨ੍ਹਾਂ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਸਰਕਾਰੀ ਮਿਆਰ ਤੋਂ ਵੱਧ ਨਮੀ ਵਾਲੀ ਫ਼ਸਲ ਮੰਡੀ ਵਿੱਚ ਨਾ ਲਿਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਫ਼ਸਲ ਦੀ ਪੂਰੀ ਕੀਮਤ ਵਸੂਲੀ ਜਾ ਸਕੇ। ਇਸ ਮੌਕੇ ਸਤਪਾਲ ਇੰਸਪੈਕਟਰ ਵੇਅਰ ਹਾਊਸ, ਪਰਮ ਪ੍ਰਕਾਸ਼ ਮੰਡੀ ਸੁਪਰਵਾਈਜ਼ਰ, ਬਲਜਿੰਦਰ ਸਿੰਘ ਦਮਨਪ੍ਰੀਤ ਸਿੰਘ ਇੰਸਪੈਕਟਰ, ਆੜ੍ਹਤੀ ਹੁਸਨ ਸਿੰਘ ਘੁੰਮਣ, ਕੁਲਵੰਤ ਪੱਬੀ, ਹਰਦਿਆਲ ਸਿੰਘ ਵਾਹਦ ਸੀਨੀਅਰ ਆਗੂ ਹਰਮੇਸ਼ ਪਾਠਕ, ਵਿਜੇ ਬਸੰਤ ਨਗਰ, ਪ੍ਰਿਤਪਾਲ ਕੌਰ ਤੁਲੀ, ਗੁਰਦੀਪ ਸਿੰਘ ਤੁਲੀ, ਚਮਨ ਲਾਲ, ਰਣਜੀਤ ਪਾਲ ਪਾਬਲਾ ਇੰਦਰਜੀਤ, ਸਰਬਜੀਤ ਸਿੰਘ, ਰਾਜਾ ਕੌਲਸਰ ਬਲਾਕ ਪ੍ਰਧਾਨ ਪਰਮਜੀਤ ਧਰਮਸੋਤ, ਅਮਨਦੀਪ ਕੌਰ, ਰਜਿੰਦਰ ਢੰਡਾ ਜਿੰਦਰ ਰਸੀਲਾ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਨਿਰਮਲ ਸਿੰਘ ਸੌਰਵ ਹਾਂਡਾ, ਕੇਵਿਨ ਸਿੰਘ ਆਦਿ ਹਾਜ਼ਰ ਸਨ।