ਮਾਨਸਾ ਜ਼ਿਲ੍ਹੇ ਨੂੰ ਬਾਲ ਭਿੱਖਿਆ ਮੁਕਤ ਕਰਨ ਦੀ ਮੁਹਿੰਮ ਤਹਿਤ ਚੌਕਸੀ ਟੀਮ ਵੱਲੋਂ ਛਾਪਾਮਾਰੀ

0
139

ਬੁਢਲਾਡਾ/ਮਾਨਸਾ, 21 ਅਗਸਤ (ਸਾਰਾ ਯਹਾ, ਹੀਰਾ ਸਿੰਘ ਮਿੱਤਲ) : ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਬਾਲ ਭਲਾਈ ਕਮੇਟੀ, ਚਾਇਲਡ ਹੈਲਪ ਲਾਈਨ ਅਤੇ ਪੁਲਿਸ ਪ੍ਰਸ਼ਾਸਨ ਦੀ ਸਾਂਝੀ ਟੀਮ ਨੇ ਬਾਲ ਭਿੱਖਿਆ ਨੂੰ ਰੋਕਣ ਲਈ ਬੁਢਲਾਡਾ ਸ਼ਹਿਰ ਵਿਖੇ ਚੈਕਿੰਗ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਕਾਊਂਸਲਰ ਸ਼੍ਰੀ ਰਾਜਿੰਦਰ ਵਰਮਾ ਨੇ ਦੱਸਿਆ ਕਿ ਕੀਤੀ ਗਈ ਰੇਡ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਬਾਲ ਭਿੱਖਿਆ ਕਰਦੇ ਹੋਏ 12 ਬੱਚਿਆਂ ਨੂੰ ਬਚਾਇਆ ਗਿਆ ਅਤੇ ਸਾਰੇ ਬੱਚਿਆਂ ਨੂੰ ਇੱਕ ਜਗ੍ਹਾ ਇੱਕਠਾ ਕਰਕੇ ਕੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਬੁਲਾਇਆ ਗਿਆ।
ਇਸ ਮੌਕੇ ਬਾਲ ਭਲਾਈ ਕਮੇਟੀ ਦੇ ਮੈਂਬਰ ਸ਼੍ਰੀ ਬਲਦੇਵ ਰਾਜ ਕੱਕੜ ਨੇ ਬੱਚਿਆਂ ਦੇ ਮਾਤਾ-ਪਿਤਾ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਭੀਖ ਮੰਗਣਾ ਕਾਨੂੰਨ ਦੇ ਵਿਰੁੱਧ ਹੈ।ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਦਾ ਹੱਕ ਹੈ ਕਿ ਉਹ ਬੱਚਿਆਂ ਦੀ ਦੇਖ-ਭਾਲ ਕਰਨ ਅਤੇ ਉਨ੍ਹਾਂ ਨੂੰ ਸਕੂਲ ਭੇਜਣ।ਇਸ ਉਪਰੰਤ ਬੱਚਿਆਂ ਨੂੰ ਮਾਤਾ-ਪਿਤਾ ਦੇ ਸਪੁਰਦ ਕਰ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਜੇਕਰ ਬੱਚੇ ਦੁਬਾਰਾ ਭੀਖ ਮੰਗਦੇ ਫੜੇ ਗਏ ਤਾਂ ਮਾਪਿਆਂ ਜਾਂ ਸਰਪ੍ਰਸਤਾਂ ਵਿਰੁੱਧ ਐਫ.ਆਈ.ਆਰ. ਕੱਟੀ ਜਾੇਵਗੀ।
ਚਾਇਲਡ ਹੈਲਪ ਲਾਈਨ ਦੇ ਜ਼ਿਲ੍ਹਾ ਇੰਚਾਰਜ ਸ਼੍ਰੀ ਕਮਲਦੀਪ ਸਿੰਘ ਨੇ ਦੱਸਿਆ ਕਿ ਚਾਇਲਡ ਹੈਲਪ ਲਾਈਨ ਦਾ ਪੂਰੇ ਦੇਸ਼ ਵਿੱਚ ਨੰਬਰ 1098 ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਵਿੱਚ ਦੇਖਦੇ ਹੋ ਤਾਂ ਉਪਰੋਕਤ ਹੈਲਪ ਲਾਈਨ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਇਸ ਮੌਕੇ ਚੈਕਿੰਗ ਟੀਮ ਵਿੱਚ ਕੁਲਵਿੰਦਰ ਸਿੰਘ, ਬਖਸ਼ਿੰਦਰ ਸਿੰਘ, ਸੰਦੀਪ ਕੌਰ, ਬੇਅੰਤ ਕੌਰ, ਏ.ਐਸ.ਆਈ. ਸੁਖਦੇਵ ਸਿੰਘ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਕੌਰ ਅਤੇ ਅਮਨਦੀਪ ਕੌਰ ਮੌਜੂਦ ਸਨ।

NO COMMENTS