
ਮਾਨਸਾ, 02 ਜੁਲਾਈ (ਸਾਰਾ ਯਹਾਂ/ ਮੁੱਖ ਸੰਪਾਦਕ ) : ਜ਼ਿਲਾ ਮਾਨਸਾ ਅੰਦਰ ਨਿਰਧਾਰਤ ਸਮਾਂ ਸੀਮਾ ’ਚ ਜਾਇਦਾਦਾਂ ਦੇ ਇੰਤਕਾਲਾਂ ਅਤੇ ਮਾਲ ਵਿਭਾਗ ਨਾਲ ਸਬੰਧਤ ਹੋਰ ਬਕਾਇਆ ਕੇਸਾਂ ਨੂੰ ਪਹਿਲਕਦਮੀ ਨਾਲ ਨਜਿੱਠਣ ਲਈ ਤਹਿਸੀਲ ਅਤੇ ਸਬ ਡਵੀਜ਼ਨ ਪੱਧਰ ’ਤੇ ਵਿਸ਼ੇਸ਼ ਕੈਂਪ ਲਗਾਏ ਗਏ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਜਸਪ੍ਰੀਤ ਸਿੰਘ ਨੇ ਦਿੱਤੀ।
ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲੇ ਅੰਦਰ ਇੰਤਕਾਲਾਂ ਦੀ ਜੀਰੋ ਪੈਂਡੈਂਸੀ ਦੇ ਮੰਤਵ ਨਾਲ ਹਰ ਸਬ-ਡਵੀਜ਼ਨ ਦੇ ਸਬੰਧਤ ਸੀ.ਆਰ.ਓ ਦੀ ਅਗਵਾਈ ਹੇਠ ਦੋ ਦਿਨਾਂ ਵਿਸ਼ੇਸ਼ ਕੈਂਪ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਤਾਂ ਜੋ ਇੰਤਕਾਲਾਂ ਸਬੰਧੀ ਸਾਰੇ ਕੇਸਾਂ ਦਾ ਜਲਦੀ ਨਿਪਟਾਰਾ ਕੀਤਾ ਜਾਵੇ। ਉਨਾਂ ਕਿਹਾ ਕਿ ਜ਼ਿਲਾ ਵਾਸੀਆਂ ਨੂੰ ਸਰਕਾਰੀ ਸੇਵਾਵਾਂ ਸਮੇਂ ਸਿਰ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ।
ਉਨਾਂ ਦੱਸਿਆ ਕਿ ਮਾਨਸਾ, ਸਰਦੂਲਗੜ, ਬੁਢਲਾਡਾ ਅਤੇ ਸਬ ਤਹਿਸੀਲ ਜੋਗਾ, ਭੀਖੀ, ਬਰੇਟਾ ਅਤੇ ਝੁਨੀਰ ਵਿਖੇ ਲਗਾਏ ਵਿਸ਼ੇਸ਼ ਕੈਂਪਾਂ ਦੌਰਾਨ 578 ਇੰਤਕਾਲਾਂ ਅਤੇ ਫਰਦ ਬਦਰ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਉਨਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਇੰਤਕਾਲਾਂ ਦੇ ਬਕਾਇਆ ਕੇਸਾਂ ਨੂੰ ਪਹਿਲਕਦਮੀ ਨਾਲ ਖ਼ਤਮ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਆਪਣੀਆਂ ਜਾਇਦਾਦਾਂ ਦੇ ਇੰਤਕਾਲ ਰਜਿਸਟਰ ਕਰਵਾਉਣ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
