ਮਾਨਸਾ, 25 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ) : ਸਿਹਤ ਵਿਭਾਗ ਵੱਲੋਂ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਾਨਸਾ ਵਿਖੇ ਡਾ. ਹਿਤਿੰਦਰ ਕੌਰ ਸਿਵਲ ਸਰਜਨ ਮਾਨਸਾ ਦੀ ਪ੍ਰਧਾਨਗੀ ਵਿੱਚ ਮਨਾਇਆ ਗਿਆ।ਇਸ ਮੌਕੇ ਸਿਵਲ ਸਰਜਨ ਮਾਨਸਾ ਨੇ ਆਪਣੀ ਹਾਜ਼ਰੀ ਵਿੱਚ ਵਿਦਿਆਰਥਣਾਂ ਨੂੰ ਗੋਲੀਆਂ ਖਵਾਕੇ ਡੀ—ਵਾਰਮਿੰਗ ਡੇਅ ਦੀ ਸ਼ੁਰੂਆਤ ਕੀਤੀ।ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਦੇ ਪੇਟ ਵਿੱਚ ਕੀੜੇ ਹੋਣ ਨਾਲ ਬੱਚਿਆਂ ਵਿੱਚ ਕੁਪੋਸ਼ਣ, ਖੂਨ ਦੀ ਕਮੀ ਅਤੇ ਸਰੀਰ ਵਿੱਚ ਥਕਾਵਟ ਰਹਿਣ ਲੱਗ ਜਾਂਦੀ ਹੈ। ਉਨ੍ਹਾਂ ਕਿਹਾ ਕਿ ਐਲਬੈਨਡਾਜੋਲ ਦੀ ਗੋਲੀ ਖਾਣ ਨਾਲ ਬੱਚਿਆਂ ਵਿੱਚ ਪੇਟ ਦੇ ਕੀੜਿਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ।ਉਨ੍ਹਾਂ ਦੱਸਿਆ ਕਿ ਜਿ਼ਲ੍ਹੇ ਭਰ ਵਿੱਚ 502 ਸਰਕਾਰੀ, 175 ਪ੍ਰਾਈਵੇਟ ਸਕੂਲਾਂ ਅਤੇ 2 ਸਾਲ ਤੋਂ 19 ਸਾਲ ਤੱਕ 184672 ਬੱਚਿਆਂ ਨੂੰ ਐਲਬੈਨਡਾਜੋਲ (400 ਐਮ.ਜੀ) ਦੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ।ਇਹ ਗੋਲੀਆਂ ਆਂਗਣਵਾੜੀ ਵਰਕਰ, ਏ.ਐਨ.ਐਮ ਅਤੇ ਆਸ਼ਾ ਵਰਕਰ ਵੱਲੋਂ ਮਿਡ ਡੇ ਮੀਲ ਉਪਰੰਤ ਖਵਾਈਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਇਹ ਗੋਲੀ ਕਿਸੇ ਵੀ ਬੱਚੇ ਨੂੰ ਖਾਲੀ ਪੇਟ ਨਹੀਂ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਿਸੇ ਕਾਰਨ ਵੱਸ ਰਹਿ ਗਏ ਬੱਚਿਆਂ ਨੂੰ ਇਹ ਗੋਲੀ 1 ਸਤੰਬਰ ਨੂੰ (ਮੌਪਅੱਪ) ਰਾਊਂਡ ਮੌਕੇ ਦਿੱਤੀਆਂ ਜਾਣਗੀਆਂ। ਡਾ. ਸੰਜੀਵ ਓਬਰਾਏ ਜਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ 6 ਤੋਂ 19 ਸਾਲ ਤੱਕ ਦੇ ਕਿਸੇ ਕਾਰਨ ਸਕੂਲੋਂ ਡਰਾਪਆਊਟ ਹੋਏ ਬੱਚਿਆਂ ਨੂੰ ਵੀ ਇਹ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ।ਡਾ. ਬਲਜੀਤ ਕੌਰ ਜਿ਼ਲ੍ਹਾ ਨੋਡਲ ਅਫ਼ਸਰ ਮਾਨਸਾ ਆਰ.ਬੀ.ਐਸ.ਕੇ. ਨੇ ਦੱਸਿਆ ਕਿ ਸਕੂਲੋਂ ਵਾਂਝੇ ਬੱਚਿਆਂ ਨੂੰ ਕਵਰ ਕਰਨ ਹਿੱਤ ਜਿ਼ਲ੍ਹਾ ਪ੍ਰੋਗਰਾਮ ਅਫ਼ਸਰ ਆਈ.ਸੀ.ਡੀ.ਐਸ ਅਤੇ ਸੀ.ਡੀ.ਪੀ.ਓ ਦੁਆਰਾ ਮੋਨੀਟਰਿੰਗ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਇਕ ਤੋਂ ਦੋ ਸਾਲ ਤੱਕ ਦੇ ਬੱਚਿਆਂ ਨੂੰ ਐਲਬੈਨਡਾਜੋਲ ਸਿਰਪ ਆਂਗਣਵਾੜੀ ਵਰਕਰ, ਏ.ਐਨ.ਐਮ ਅਤੇ ਆਸ਼ਾ ਵਰਕਰ ਵੱਲੋਂ ਘਰ—ਘਰ ਜਾ ਕੇ ਦਿੱਤਾ ਜਾਵੇਗਾ। ਇਸ ਮੌਕੇ ਸਕੂਲ ਪ੍ਰਿੰਸੀਪਲ ਅਤੇ ਅਧਿਆਪਕ, ਦਰਸ਼ਨ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ ਅਤੇ ਅਵਤਾਰ ਸਿੰਘ ਡੀ.ਪੀ.ਐਮ.ਐਨ.ਐਚ.ਐਮ. ਹਾਜ਼ਰ ਹੋਏ।