ਮਾਨਸਾ 18 ਅਪ੍ਰੈਲ(ਸਾਰਾ ਯਹਾਂ/ਹੀਰਾ ਸਿੰਘ ਮਿੱਤਲ)-ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਪਬਲਿਕ ਵਿੱਚ ਸ਼ੋਸ਼ਲ ਡਿਸਫੇਨਸ ਬਣਾਈ ਰੱਖਣ ਦੇ ਮੱਦੇਨਜ਼ਰ ਜਿਲ੍ਹਾ ਮੈਜਿਸਟਰੇਟ ਮਾਨਸਾ ਨੇ ਇੱਕ ਹੁਕਮ ਜਾਰੀ ਕਰਦਿਆਂ ਲੰਗਰ ਦੁੱਧ ਵਗੈਰਾ ਵੰਡਣ, ਅਵਾਰਾ ਪਸ਼ੂਆਂ ਨੂੰ ਹਰਾ ਚਾਰਾ ਪਾਉਣ ਅਤੇ ਮਾਸਕ ਸੈਨੀਟੇਜਰ ਵਗੈਰਾ ਵੰਡਣ ਲਈ ਪ੍ਰਸ਼ਾਸ਼ਨ ਵੱਲੋਂ ਧਾਰਮਿਕ ਸੰਸਥਾਵਾਂ ਨੂੰ ਜਾਰੀ ਕੀਤੇ ਸਾਰੇ ਕਰਫਿਊ ਪਾਸ ਰੱਦ ਕਰ ਦਿੱਤੇ ਹਨ। ਪਰ ਇਸ ਹੁਕਮ ਦੀ ਅਜੇ ਪੂਰਨ ਪਾਲਣਾ ਹੁੰਦੀ ਦਿਖਾਈ ਨਹੀਂ ਦੇ ਰਹੀ ਕੁਝ ਲੋਕ ਇੰਨ੍ਹਾਂ ਹੁਕਮਾਂ ਦਾ ਉਲੰਘਣ ਕਰਕੇ ਅਜੇ ਵੀ ਧਾਰਮਿਕ ਸੰਸਥਾਵਾਂ ਦੀ ਆੜ ਵਿੱਚ ਆਪਣੇ ਨਿੱਜੀ ਕੰਮਾਂ ਲਈ ਆਪਣੀਆਂ ਗੱਡੀਆਂ ਤੇ ਸਟਿੱਕਰ ਲਗਾਕੇ ਸੜਕਾਂ ਤੇ ਦਿਖਾਈ ਦੇ ਰਹੇ ਹਨ।
ਵਰਨਣਯੋਗ ਹੈ ਕਿ ਪ੍ਰਸ਼ਾਸ਼ਨ ਵੱਲੋਂ ਕਾਫੀ ਧਾਰਮਿਕ ਸੰਸਥਾਵਾਂ ਨੂੰ ਵੱਖ ਵੱਖ ਕੰਮਾਂ ਲਈ ਪਾਸ ਜਾਰੀ ਕੀਤੇ ਸਨ ਪਰ ਹੁਣ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਲੋਕ ਕੋਰੋਨਾ ਵਾਇਰਸ ਤੋਂ ਬਚਾਓ ਲਈ ਇੱਕ ਮੀਟਰ ਦੀ ਦੂਰੀ ਬਣਾਕੇ ਨਹੀਂ ਰੱਖ ਰਹੇ ਜਿਸ ਕਾਰਨ ਕੋਰੋਨਾ ਦੇ ਫੈਲਣ ਦਾ ਡਰ ਹੈ ਜਿਸ ਤੇ ਗੰਭੀਰਤਾ ਦਿਖਾਉਂਦਿਆਂ ਜਿਲ੍ਹਾ ਮੈਜਿਸਟਰੇਟ ਨੇ ਤਰੁੰਤ ਪ੍ਰਭਾਵ ਨਾਲ ਇਹ ਕਰਫਿਊ ਪਾਸ ਰੱਦ ਕੀਤੇ ਹਨ ਅਤੇ ਨਾਲ ਹੀ ਦਵਾਈਆ ਦੀਆਂ ਦੁਕਾਨਾਂ ਜੋ ਪਹਿਲਾ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ 4 ਘੰਟੇ ਲਈ ਖੋਲਣ ਦੇ ਹੁਕਮ ਸਨ ਵਿੱਚ ਬਦਲਾਓ ਕਰਕੇ ਸਵੇਰੇ 5 ਵਜੇ ਤੋਂ ਸਵੇਰੇ 7 ਵਜੇ ਤੱਕ ਸਿਰਫ 2 ਘੰਟੇ ਦਾ ਸਮਾਂ ਦਿੱਤਾ ਹੈ ਤਾਂ ਜੋ ਕਿਸੇ ਵੀ ਤਰਾਂ ਲੋਕ ਇਕੱਠੇ ਨਾ ਹੋਣ। ਪਰ ਕੁਝ ਲੋਕ ਜਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਨੂੰ ਟਿੱਚ ਸਮਝ ਕੇ ਪ੍ਰਸ਼ਾਸ਼ਨ ਦੇ ਅੱਖੀਂ ਘਾਟਾ ਪਾ ਕੇ ਆਪਣੇ ਨਿੱਜੀ ਕੰਮਾਂ ਲਈ ਆਪਣੇ ਵਹੀਕਲਾਂ ਤੇ ਸਟਿੱਕਰ ਲਗਾਕੇ ਸੜਕਾਂ ਤੇ ਘੁੰਮ ਰਹੇ ਹਨ ਕਰਫਿਊ ਪਾਸ ਰੱਦ ਹੋਣ ਦੇ ਬਾਵਜੂਦ ਵੀ ਕਰਫਿਊ ਵਿੱਚ ਗੱਡੀਆਂ ਤੇ ਘੁੰਮਣਾ ਸ਼ਹਿਰ ਦੇ ਲੋਕਾਂ ਵਿੱਚ ਇੱਕ ਸਵਾਲ ਬਣਿਆ ਹੋਇਆ ਹੈ ਕਿ ਆਖਰ ਪੁਲਿਸ ਇਨ੍ਹਾਂ ਨੂੰ ਰੋਕ ਕੇ ਕਾਰਵਾਈ ਕਿਉਂ ਨਹੀਂ ਕਰ ਰਹੀ।