ਮਾਨਸਾ, 11 ਮਈ (ਸਾਰਾ ਯਹਾਂ/ ਮੁੱਖ ਸੰਪਾਦਕ ) : ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਜ਼ਿਲਾ ਮਾਨਸਾ ਨੂੰ ਹਰਿਆ ਭਰਿਆ ਬਣਾਉਣ ਅਤੇ ਪ੍ਰਦੂਸ਼ਣ ਰਹਿਤ ਮਾਹੌਲ ਸਿਰਜਣ ਲਈ ਵਿਸ਼ਵ ਵਾਤਾਵਰਣ ਦਿਵਸ ਮੌਕੇ 1 ਲੱਖ ਤੋਂ ਵਧੇਰੇ ਬੂੂਟੇ ਲਗਾਉਣ ਲਈ ਸਥਾਨਕ ਬੱਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਐਨ.ਜੀ.ਓ ਨਾਲ ਵਿਸ਼ੇਸ ਮੀਟਿੰਗ ਕੀਤੀ।
ਸ੍ਰੀ ਜਸਪ੍ਰੀਤ ਸਿੰਘ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੇ ਦਫ਼ਤਰਾਂ ਦੇ ਅਧਿਕਾਰ ਖੇਤਰਾਂ, ਪਿੰਡਾਂ ਦੀ ਪੰਚਾਇਤੀ ਥਾਵਾਂ, ਪਾਰਕਾਂ ਜਾਂ ਹੋਰ ਸਥਾਨਾਂ ਤੇ ਜਿੱਥੇ ਪੌਦੇ ਲਗਾਏ ਜਾ ਸਕਦੇ ਹਨ ਦੀਆਂ ਸੂਚੀ ਤਿਆਰ ਕਰਨ ਲਈ ਕਿਹਾ। ਉਨਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਲਈ ਲਗਾਏ ਜਾਣ ਵਾਲੇ ਬੂਟਿਆਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਸੰਬੰਧਤ ਵਿਭਾਗ ਜਾਂ ਐਨ.ਜੀ.ਓ ਵੱਲੋਂ ਨਿਭਾਈ ਜਾਵੇਗੀ, ਤਾਂ ਜੋ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਵਾਤਾਵਰਣ ਮੁਹੱਈਆ ਕਰਵਾਉਣ ’ਚ ਸਹਿਯੋਗ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਸਮੂਹ ਬਲਾਕ ਵਿਕਾਸ ਪੰਚਾਇਤ ਅਫਸਰਾਂ ਨੂੰ ਪਿੰਡਾਂ ਦੀਆਂ ਥਾਵਾਂ ਦੀ ਇਕ ਹਫ਼ਤੇ ਅੰਦਰ ਸੂਚੀ ਤਿਆਰ ਕਰਨ ਅਤੇ ਗੱਢੇ ਪਹਿਲਾ ਤੋਂ ਪੁੱਟਣ ਲਈ ਕਿਹਾ, ਤਾਂ ਜੋ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮੌਕੇ ਵੱਧ ਤੋਂ ਵੱਧ ਪੌਦੇ ਲਗਾਏ ਜਾ ਸਕਣ। ਉਨਾਂ ਸਮੂਹ ਅਧਿਕਾਰੀਆਂ ਨੂੰ ਸ਼ਹਿਰਾਂ ਅਤੇ ਪਿੰਡ ’ਚ ਵੱਖ-ਵੱਖ ਸੰਸਥਾਵਾਂ ਨਾਲ ਤਾਲਮੇਲ ਬਣਾ ਕੇ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਸੁਨੇਹਾ ਦਿੱਤਾ। ਉਨਾਂ ਕਿਹਾ ਕਿ ਜਿਹੜੇ ਵਿਭਾਗ ਅਤੇ ਐਨ.ਜੀ.ਓ ਵੱਲੋਂ ਵੱਧ ਤੋਂ ਵੱਧ ਬੂਟੇ ਲਗਾਉਣ ਤੋਂ ਬਾਅਦ, ਇਨਾਂ ਦੀ ਪੂਰੀ ਦੇਖਭਾਲ ਕੀਤੀ ਜਾਵੇਗੀ ਅਜਿਹੇ ਅਧਿਕਾਰੀਆਂ ਅਤੇ ਐਨ.ਜੀ.ਓ ਨੂੰ 15 ਅਗਸਤ ਵਾਲੇ ਦਿਨ ਵਿਸੇਸ ਸਨਮਾਨ ਦਿੱਤਾ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਉਪਕਾਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ.ਬੈਨਿਥ, ਐਸ਼.ਡੀ.ਐਮ ਬੂਢਲਾਡਾ ਸ੍ਰੀ ਕਾਲਾ ਰਾਮ ਕਾਂਸਲ, ਜ਼ਿਲਾ ਵਣ ਅਫਸਰ ਅਮਿਤ ਚੌਹਾਨ, ਕਾਰਜ਼ਕਾਰੀ ਸਿਵਲ ਸਰਜਨ ਡਾ. ਰਣਜੀਤ ਰਾਏ ਸਮੇਤ ਹੋਰ ਅਧਿਕਾਰੀ ਅਤੇ ਐਨ.ਜੀ.ਓ ਤੋਂ ਆਏ ਨੁਮਾਇੰਦੇ ਹਾਜ਼ਰ ਸਨ।