
ਮਾਨਸਾ 13 ਅਗਸਤ (ਸਾਰਾ ਯਹਾਂ/ ਮੁੱਖ ਸੰਪਾਦਕ ): ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 15 ਅਗਸਤ 2022 ਨੂੰ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜੇ ਵਿੱਚ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ, ਪੰਜਾਬ ਸ੍ਰੀਮਤੀ ਬਲਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਅਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਬਲਦੀਪ ਕੌਰ ਨੇ ਅੱਜ ਬਹੁਮੰਵੀ ਖੇਡ ਸਟੇਡੀਅਮ, ਮਾਨਸਾ ਵਿਖੇ ਹੋਈ ਫੁੱਲ ਡਰੈੱਸ ਰਿਹਰਸਲ ਤੋਂ ਬਾਅਦ ਦਿੱਤੀ। ਇਸ ਮੌਕੇ ਐਸ.ਐਸ.ਪੀ. ਸ੍ਰੀ ਗੌਰਵ ਤੂਰਾ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ/ਵਿਕਾਸ) ਸ੍ਰੀ ਟੀ.ਬੈਨਿਥ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਵੱਲੋਂ ਫੁੱਲ ਡਰੈੱਸ ਰਿਹਰਸਲ ਮੌਕੇ ਪਰੇਡ ਦਾ ਨਿਰੀਖਣ ਕੀਤਾ ਅਤੇ ਪਰੇਡ ਤੋਂ ਸਲਾਮੀ ਵੀ ਲਈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਹੁਮੰਤਵੀ ਖੇਡ ਸਟੇਡੀਅਮ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਮਨਾਏ ਜਾਣ ਵਾਲੇ ਕੌਮੀ ਉਤਸਵ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਨ। ਉਨ੍ਹਾਂ ਦੱਸਿਆ ਕਿ ਇਸ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਪਰੇਡ ਤੋਂ ਇਲਾਵਾ ਵੱਖ ਵੱਖ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਸੱਭਿਆਚਾਰਕ ਤੇ ਦੇਸ਼ ਭਗਤੀ ਦੇ ਪ੍ਰੋਗਰਾਮ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ ।

ਇਸ ਮੌਕੇ ਉਨ੍ਹਾਂ ਦੇਸ਼ ਭਗਤੀ ਤੇ ਸੱਭਿਆਚਾਰਕ ਪ੍ਰੋਗਰਾਮਾਂ ਨੂੰ ਵੇਖਿਆ ਅਤੇ ਇਨ੍ਹਾਂ ਨੂੰ ਹੋਰ ਦਿਲਕਸ਼ ਪੇਸ਼ਕਾਰੀਆਂ ਵਿਚ ਢਾਲਣ ਲਈ ਸਬੰਧਤ ਟੀਮ ਇੰਚਾਰਜ਼ਾਂ ਨੂੰ ਆਦੇਸ਼ ਵੀ ਜਾਰੀ ਕੀਤੇ । ਇਸ ਮੌਕੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਜਿੱਥੇ ਪੀ.ਟੀ. ਸ਼ੋਅ ਦਾ ਵਧੀਆ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਦੇਸ਼ ਭਗਤੀ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਕਸ਼ ਵੀ ਕੀਤੀ ਗਈ । 15 ਅਗਸਤ ਨੂੰ ਹੋਣ ਵਾਲੀ ਪਰੇਡ ਵਿੱਚ ਪੰਜਾਬ ਪੁਲਿਸ, ਪੰਜਾਬ ਪੁਲਿਸ ਮਹਿਲਾ ਵਿੰਗ, ਪੰਜਾਬ ਹੋਮ ਗਾਰਡ ਅਤੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ, ਐਨ.ਸੀ.ਸੀ. ਸਕਾਊਟ ਅਤੇ ਗਾਈਡ ਦੀਆਂ ਟੁੱਕੜੀਆਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੀਆਂ।

