
ਮਾਨਸਾ, 26 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ ) : : ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸਿਹਤ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਜੇਕਰ ਕੋਈ ਵੀ ਵਿਕਰੇਤਾ ਨਿਯਮਾਂ ਦੀ ਉਲੰਘਣਾ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਸਖਤ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਇਹ ਹਦਾਇਤਾਂ ਵਧੀਕ ਡਿਪਟੀ ਕਮਿਸ਼ਨਰ ਸ. ਉਪਕਾਰ ਸਿੰਘ ਨੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਰੀ ਕੀਤੀਆਂ। ਉਨ੍ਹਾਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਹਦਾਇਤ ਕੀਤੀ ਕਿ ਹੋਟਲਾਂ, ਢਾਬਿਆਂ, ਰੇਹੜੀਆਂ, ਦੁਕਾਨਾਂ ਆਦਿ ’ਤੇ ਲੋਕਾਂ ਨੂੰ ਪਰੋਸਿਆ ਜਾਣ ਵਾਲਾ ਭੋਜਨ ਅਤੇ ਖਾਣ ਪੀਣ ਦੇ ਹੋਰ ਸਮਾਨ ਦੀ ਸਮੇਂ ਸਮੇਂ ’ਤੇ ਅਚਨਚੇਤ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਖਾਣ-ਪੀਣ ਦੀਆਂ ਵਸਤਾਂ ਦੇ ਨਮੂਨੇ ਲਏ ਜਾਣ ਅਤੇ ਨਮੂਨਾ ਫੇਲ੍ਹ ਪਾਏ ਜਾਣ ’ਤੇ ਨਿਯਮਾਂ ਮੁਤਾਬਕ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਸ. ਉਪਕਾਰ ਸਿੰਘ ਨੇ ਕਿਹਾ ਕਿ ਤੰਦਰੁਸਤ ਮਿਸ਼ਨ ਨਾਗਰਿਕਾਂ ਦੇ ਸਿਹਤਮੰਦ ਜੀਵਨ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਮਿਸ਼ਨ ਹੈ ਜਿਸ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਤਿਓਹਾਰਾਂ ਦੇ ਸੀਜ਼ਨ ਦੌਰਾਨ ਮਿਲਾਵਟਖੋਰੀ ਜਿਹੀਆਂ ਕਾਰਵਾਈਆਂ ਹੋਰ ਵੀ ਵਧ ਜਾਂਦੀਆਂ ਹਨ ਅਤੇ ਜੇ ਹੁਣੇ ਤੋਂ ਹੀ ਵਿਭਾਗੀ ਪੱਧਰ ’ਤੇ ਸਖ਼ਤ ਚੌਕਸੀ ਰੱਖੀ ਜਾਵੇ ਤਾਂ ਮਾੜੇ ਅਨਸਰਾਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ।
ਏ.ਡੀ.ਸੀ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਹੀ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨੂੰ ਵੀ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਤੋਂ ਰੋਕਣ ਦੀ ਦਿਸ਼ਾ ਵਿੱਚ ਸਾਰਥਕ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਅੱਗ ਨਾਲ ਪੈਦਾ ਹੋਣ ਵਾਲਾ ਧੂੰਆਂ ਮਨੁੱਖੀ ਸਿਹਤ ਲਈ ਖ਼ਤਰਨਾਕ ਸਾਬਤ ਹੁੰਦਾ ਹੈ ਇਸ ਲਈ ਸਬਸਿਡੀ ’ਤੇ ਮੁਹੱਈਆ ਕਰਵਾਏ ਜਾਂਦੀ ਖੇਤੀ ਮਸ਼ੀਨਰੀ ਦੀ ਵਰਤੋਂ ਲਈ ਕਿਸਾਨਾਂ ਨੂੰ ਪੇ੍ਰਰਿਆ ਜਾਵੇ ਅਤੇ ਅਗਾਂਹਵਧੂ ਕਿਸਾਨਾਂ ਦੀ ਲਗਾਤਾਰ ਹੌਂਸਲਾ ਅਫ਼ਜਾਈ ਕੀਤੀ ਜਾਵੇ। ਉਨ੍ਹਾਂ ਨੇ ਬਾਗਬਾਨੀ ਵਿਭਾਗ, ਵਣ ਵਿਭਾਗ, ਯੁਵਕ ਸੇਵਾਵਾਂ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਖੇਡ ਵਿਭਾਗ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ।
