ਮਾਨਸਾ 01ਮਾਰਚ (ਸਾਰਾ ਯਹਾ /ਬੀਰਬਲ ਧਾਲੀਵਾਲ) ਮਾਨਸਾ ਸ਼ਹਿਰ ਅੰਦਰ ਲੁੱਟ ਖੋਹ ਦੀਆਂ ਵਾਰਦਾਤਾਂ ਆਮ ਹੋ ਰਹੀਆਂ ਹਨ। ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਕੁਝ ਸ਼ਹਿਰ ਵਾਸੀਆਂ ਭੁਪਿੰਦਰ ਸਿੰਘ ਬੀਰਵਾਲ, ਜਗਸੀਰ ਸਿੰਘ ਸੀਰਾ ,ਮਹਿੰਦਰ ਸਿੰਘ ਭੈਣੀਬਾਘਾ, ਆਦਿ ਨੇ ਕਿਹਾ ਕਿ ਮਾਨਸਾ ਬੱਸ ਸਟੈਂਡ ਤੋਂ ਤਿੰਨ ਕੋਣੀ ਤਕ ਜਿੰਨੀਆਂ ਵੀ ਸਟਰੀਟ ਲਾਈਟਾਂ ਲੱਗੀਆਂ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਚਲਦੀਆਂ ਨਹੀਂ ਖਰਾਬ ਹਨ ਅਤੇ ਜੋ ਚਲਦੀਆਂ ਹਨ ਉਨ੍ਹਾਂ ਦੀ ਵੀ ਰੌਸ਼ਨੀ ਬਹੁਤ ਘੱਟ ਹੈ ।ਜਿਸ ਕਾਰਨ ਇਸ ਰੋਡ ਤੇ ਰਹਿੰਦੇ ਸ਼ਹਿਰ ਵਾਸੀਆਂ ਕਲੋਨੀਆਂ ਵਿਚ ਰਹਿੰਦੇ ਸ਼ਹਿਰ ਵਾਸੀਆਂ ਅਤੇ ਜ਼ਿਲ੍ਹੇ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਰਾਤ ਸਮੇਂ ਇਸ ਰੋਡ ਉੱਪਰ ਲੰਘਦੇ ਹਾਂ ਤਾਂ ਬਹੁਤ ਜ਼ਿਆਦਾ ਹਨ੍ਹੇਰਾ ਹੋਣ ਕਾਰਨ ਜਿੱਥੇ ਲੁੱਟ ਖੋਹ ਦਾ ਡਰ ਬਣਿਆ ਰਹਿੰਦਾ ਹੈ ।ਉੱਥੇ ਹੀ ਬੇਸਹਾਰਾ ਪਸ਼ੂਆਂ ਕਾਰਨ ਵੀ ਰੋਜ਼ਾਨਾ ਹਾਦਸੇ ਵਾਪਰਦੇ ਰਹਿੰਦੇ ਹਨ। ਜਿਨ੍ਹਾਂ ਵਿੱਚ ਬਹੁਤ ਸਾਰੇ ਲੋਕ ਹੁਣ ਤਕ ਜ਼ਖ਼ਮੀ ਹੋ ਚੁੱਕੇ ਹਨ ਇਨ੍ਹਾਂ ਲਾਈਟਾਂ ਉਪਰ ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਖਰਚ ਕਰਕੇ ਜ਼ਿਲ੍ਹਾ ਅਤੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਲਾਈਟਾਂ ਲਗਵਾਈਆਂ ਸਨ। ਇੰਨਾ ਪੈਸਾ ਖਰਚ ਹੋਣ ਦੇ ਬਾਵਜੂਦ ਵੀ ਰਾਤ ਸਮੇਂ ਹਨ੍ਹੇਰਾ ਬਣਿਆ ਰਹਿੰਦਾ ਹੈ। ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਸਲੇ ਦਾ ਫੌਰੀ ਤੌਰ ਤੇ ਹੱਲ ਕੀਤਾ ਜਾਵੇ ।ਸ਼ਹਿਰ ਦਾ ਮੇਨ ਰੋਡ ਹੋਣ ਕਾਰਨ ਦੇਰ ਰਾਤ ਤਕ ਜਿੱਥੇ ਬੱਸਾਂ ਦੀ ਆਵਾਜਾਈ ਰਹਿੰਦੀ ਹੈ ।ਉੱਥੇ ਹੀ ਪੂਰੇ ਸ਼ਹਿਰ ਵਾਸੀਆਂ ਨੂੰ ਇਸ ਰੋਡ ਉੱਪਰ ਹੋ ਕੇ ਹੀ ਲੰਘਣਾ ਪੈਂਦਾ ਹੈ ।ਜਿਸ ਕਾਰਨ ਇਹ ਲਾਈਟਾਂ ਦੇ ਨਾ ਚੱਲਣ ਕਾਰਨ ਜਦੋਂ ਹਨੇਰਾ ਪਸਰਿਆ ਰਹਿੰਦਾ ਹੈ ਤਾਂ ਆਮ ਲੋਕਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਜਦੋਂ ਇਸ ਮਸਲੇ ਸਬੰਧੀ ਈ ਓ ਰਵੀ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਸਟ੍ਰੀਟ ਲਾਈਟਾਂ ਉਪਰ ਕੰਮ ਸ਼ੁਰੂ ਕਰਵਾ ਰਹੇ ਹਾਂ। ਬਹੁਤ ਜਲਦੀ ਸਾਰੀਆਂ ਹੀ ਲਾਈਟਾਂ ਠੀਕ ਕਰਵਾ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਸਾਰੇ ਸ਼ਹਿਰ ਅੰਦਰ ਜੋ ਸਟਰੀਟ ਲਾਈਟਾਂ ਖ਼ਰਾਬ ਹਨ ਉਨ੍ਹਾਂ ਉੱਪਰ ਵੀ ਕੰਮ ਸ਼ੁਰੂ ਕਰਵਾ ਰਹੇ ਹਾਂ। ਬਹੁਤ ਜਲਦੀ ਅਸੀਂ ਸਾਰੇ ਸ਼ਹਿਰ ਚ ਸਟਰੀਟ ਲਾਈਟਾਂ ਚਲਵਾ ਕੇ ਸ਼ਹਿਰ ਵਾਸੀਆਂ ਨੂੰ ਸਹੂਲਤ ਦਿੱਤੀ ਜਾਵੇਗੀ ਤਾਂ ਜੋ ਕਿਸੇ ਵੀ ਸ਼ਹਿਰ ਵਾਸੀ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਆਉਂਦੇ ਕੁਝ ਦਿਨਾਂ ਵਿੱਚ ਲਿੰਕ ਰੋਡ ਹੀ ਨਹੀਂ ਪੂਰੇ ਮਾਨਸਾ ਸ਼ਹਿਰ ਦੀਆਂ ਸਟਰੀਟ ਲਾਈਟਾਂ ਚਾਲੂ ਕਰਵਾ ਦਿੱਤੀਆਂ ਜਾਣਗੀਆਂ ।