
ਮਾਨਸਾ 16 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਮਾਨਸਾ ਨੇੜਲੇ ਪਿੰਡ ਹੀਰੇਵਾਲਾ ਦੇ ਕਿਸਾਨ ਲੀਲਾ ਸਿੰਘ ਦੀ ਜਮੀਨ ਦੀ ਨਿਲਾਮੀ ਉਸ ਸਮੇਂ ਰੁਕ ਗਈ ਜਦੋਂ ਉਸਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਝੰਡੇ ਚੁੱਕ ਲਏ। ਜਥੇਬੰਦੀ ਦੇ ਵਿਰੋਧ ਕਾਰਨ ਕੋਈ ਵੀ ਅਧਿਕਾਰੀ ਕਾਰਵਾਈ ਕਰਨ ਨਹੀਂ ਆਇਆ। ਇਸ ਮਗਰੋਂ ਜਥੇਬੰਦੀ ਨੇ ਜੇਤੂ ਰੈਲੀ ਕਰਕੇ ਕਿਸੇ ਕਿਸਾਨ ਦੀ ਜਮੀਨ ਤੇ ਮਜਦੂਰ ਦਾ ਘਰ ਨਿਲਾਮ ਨਾ ਹੋਣ ਦਾ ਹੋਕਾ ਦਿੱਤਾ। ਜਥੇਬੰਦੀ ਦੇ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ, ਭਾਨ ਸਿੰਘ ਬਰਨਾਲਾ ਨੇ ਦੱਸਿਆ ਕਿ ਇਹ ਨਿਲਾਮੀ ਕਿਸਾਨ ਕੋਲੋਂ ਸਿਰਫ 3,71,000/- ਰੁਪਏ ਲੈਣ ਬਦਲੇ ਮਾਨਸਾ ਦੇ ਇੱਕ ਆੜਤੀਏ ਵੱਲੋਂ ਕਰਵਾਈ ਜਾ ਰਹੀ ਸੀ। ਉਹਨਾਂ ਦੱਸਿਆ ਕਿ ਕਰੋਨਾ ਲਹਿਰ ਕਾਰਨ ਅਤੇ ਹੋਰ ਕੁਦਰਤੀ ਆਫਤਾਂ ਕਰਕੇ ਇਸ ਕਿਸਾਨ ਦੀ ਮਾਲੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ, ਜਿਸ ਕਰਕੇ ਕਰਜਾ ਵਾਪਿਸ ਨਹੀਂ ਕਰ ਸਕਿਆ। ਪੀੜ੍ਹਤ ਕਿਸਾਨ ਨੇ ਜਦੋਂ ਇਸ ਮਸਲੇ ਨੂੰ ਜਥੇਬੰਦੀ ਦੇ ਧਿਆਨ ਵਿੱਚ ਲਿਆਂਦਾ ਤਾਂ ਜਥੇਬੰਦੀ ਨੇ ਨਿਲਾਮੀ ਵਾਲੀ ਥਾਂ ਤੇ ਜਾ ਕੇ ਇਸਦਾ ਵਿਰੋਧ ਕੀਤਾ। ਤਾਂ ਕੋਈ ਵੀ ਅਧਿਕਾਰੀ ਨਿਲਾਮੀ ਕਰਨ ਨਹੀਂ ਪਹੁੰਚਿਆ। ਜਿਸ ਕਾਰਨ ਕਿਸਾਨ ਦੀ ਜਮੀਨ ਨਿਲਾਮ ਹੋਣ ਤੋਂ ਬਚ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਨਾਰਾਜਗੀ ਜਾਹਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਰਜਾ ਖਤਮ ਕਰਨ ਤੇ ਫਸਲ ਦੀ ਪੂਰੀ ਰਕਮ ਦੇਣ ਦੇ ਭਰੋਸੇ ਦੇ ਰਹੀ ਹੈ। ਇਸ ਦੇ ਉਲਟ ਨਿਲਾਮੀਆਂ/ਕੁਰਕੀਆਂ ਦੇ ਨੋਟਿਸ ਕਿਸਾਨਾਂ ਦੇ ਘਰਾਂ ਵਿੱਚ ਭੇਜੇ ਜਾ ਰਹੇ ਹਨ। ਇਸ ਦਾ ਯੂਨੀਅਨ ਵਿਰੋਧ ਕਰਦੀ ਹੈ ਅਤੇ ਭਵਿੱਖ ਵਿੱਚ ਵੀ ਕਿਸੇ ਕਿਸਾਨ ਦੀ ਜਮੀਨ ਜਾਂ ਮਜਦੂਰ ਦਾ ਘਰ ਕੁਰਕ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਮੱਖਣ ਸਿੰਘ ਹੀਰੇਵਾਲਾ, ਸਾਗਰ ਸਿੰਘ ਹੀਰੇਵਾਲਾ, ਗੁਲਾਬ ਸਿੰਘ ਹੀਰੇਵਾਲਾ ਹਾਜਰ ਸਨ।
