ਮਾਨਸਾ ਨੂੰ ਹਰਿਆਵਲ ਭਰਪੂਰ ਵਾਤਾਵਰਨ ਪ੍ਰਦਾਨ ਕਰਨ ਲਈ ਵੱਡੇ ਪੱਧਰ ’ਤੇ ਲਗਾਏ ਜਾ ਰਹੇ ਹਨ ਪੌਦੇ

0
31

ਮਾਨਸਾ, 01,ਮਾਰਚ (ਸਾਰਾ ਯਹਾ /ਹਿਤੇਸ਼ ਸ਼ਰਮਾ) : ਮਾਨਸਾ ਜ਼ਿਲ੍ਹੇ ਨੂੰ ਹਰਿਆਵਲ ਭਰਪੂਰ ਵਾਤਾਵਰਨ ਪ੍ਰਦਾਨ ਕਰਨ ਅਤੇ ਇਸ ਦੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜੁਲਾਈ 2019 ਵਿੱਚ ਪਿੰਡ ਖੋਖਰ ਕਲਾਂ (ਗਊਸ਼ਾਲਾ) ਵਿਖੇ ਮੀਆਂਵਾਕੀ ਤਕਨੀਕ ਰਾਹੀਂ ਵੱਡੀ ਮਾਤਰਾ ਵਿੱਚ ਪੌਦੇ ਲਗਾਏ ਗਏ ਸਨ, ਜੋ ਕਿ ਹੁਣ ਜੰਗਲ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਏ ਹਨ ਅਤੇ ਵਾਤਾਵਰਨ ਪੂਰੀ ਤਰ੍ਹਾਂ ਨਾਲ ਹਰਿਆਵਲ ਹੋ ਗਿਆ ਹੈ ਅਤੇ ਖੋਖਰ ਕਲਾਂ ਵਿਖੇ ਗਊਸ਼ਾਲਾ ਦਾ ਸੁਹੱਪਣ ਹੁਣ ਦੇਖਦਿਆਂ ਹੀ ਬਣਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਜੁਲਾਈ 2019 ਵਿੱਚ ਮਗਨਰੇਗਾ ਸਕੀਮ ਅਤੇ ਈਕੋ ਸਿੱਖ ਫਾਊਂਡੇਸ਼ਨ ਦੀ ਸਹਾਇਤਾ ਨਾਲ 200 ਸਕੇਅਰ ਮੀਟਰ ਦੇ ਦਾਇਰੇ ਵਿੱਚ 29 ਪ੍ਰਜਾਤੀਆਂ ਦੇ 550 ਪੌਦੇ ਲਗਾਏ ਗਏ ਸਨ। ਜਿਸ ਦੇ ਹੁਣ ਬਹੁਤ ਹੀ ਸਾਰਥਕ ਨਤੀਜੇ ਦੇਖਣ ਨੂੰ ਮਿਲ ਰਹੇ ਹਨ। ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੰਧੂ ਨੇ ਦੱਸਿਆ ਕਿ ਇਹਨਾਂ ਪੌਦਿਆਂ ਦੀ ਬਚਾਅ ਦੀ ਦਰ 95 ਫੀਸਦੀ ਹੈ। ਇਸ ਵਿਧੀ ਰਾਹੀਂ ਲਗਾਏ ਗਏ ਜੰਗਲ ਨੂੰ ਕਾਮਯਾਬ ਹੁੰਦਿਆਂ ਦੇਖਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ ਹੋਰ ਪਿੰਡਾਂ ਵਿੱਚ ਮੀਆਂਵਾਕੀ ਤਕਨੀਕ ਰਾਹੀਂ ਜੰਗਲ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਤਾਂ ਜੋ ਜ਼ਿਲ੍ਹੇ ਨੂੰ ਇੱਕ ਸੁੰਦਰ ਦਿੱਖ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਲੜੀ ਤਹਿਤ ਬਲਾਕ ਬੁਢਲਾਡਾ ਦੇ ਪਿੰਡ ਧਰਮਪੁਰਾ ਵਿਖੇ 8600 ਪੌਦੇ, ਪਿੰਡ ਜੁਗਲਾਨ ਵਿਖੇ 3400 ਪੌਦੇ, ਪਿੰਡ ਦੋਦੜਾ ਵਿਖੇ 2800 ਪੌਦੇ ਅਤੇ ਪਿੰਡ ਗੁੜੱਦੀ ਵਿਖੇ 4100 ਪੌਦੇ ਲਗਾਏ ਗਏ ਹਨ।  ਸ਼੍ਰੀ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਜੰਗਲ ਲਗਾਉਣ ਉਪਰੰਤ ਇਸ ਦੀ ਦੇਖ-ਰੇਖ ਸਵੇਰੇ ਅਤੇ ਸ਼ਾਮ ਪਾਣੀ ਪਾ ਕੇ ਅਤੇ ਜੰਗਲ ਵਿੱਚ ਨਮੀ ਬਣਾਈ ਰੱਖਣ ਲਈ ਪਰਾਲੀ ਪਾ ਕੇ ਕੀਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜੰਗਲ ਵਿੱਚ ਕਿਸੇ ਵੀ ਤਰਾਂ ਦੀ ਦਵਾਈ ਜਾਂ ਹੋਰ ਕਿਸੇ ਵਿਧੀ ਦਾ ਉਪਯੋਗ ਨਹੀਂ ਕੀਤਾ ਜਾਂਦਾ ਅਤੇ ਇਸ ਦੇ ਨਾਲ ਹੀ ਮਗਨਰੇਗਾ ਲੇਬਰ ਨੂੰ ਲਗਾਤਾਰ ਕੰਮ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਮੂਹ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਗਈ ਕਿ ਇਸ ਤਰਾਂ ਦੇ ਜੰਗਲ ਜਿੱਥੇ ਜਗ੍ਹਾ ਅਤੇ ਪਾਣੀ ਉਪਲਬਧ ਹੋਵੇ, ਲਗਾਏ ਜਾਣ ਤਾਂ ਜੋ ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ।

NO COMMENTS