ਮਾਨਸਾ 22,ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ) :ਮਾਨਸਾ ਦੇ R.M. Hotel ਵਿੱਚ ਕੱਲ ਦੁਪਹਿਰ ਸਮੇ ਕਮਰਾ ਕਿਰਾਏ ਉੱਤੇ ਲੈ ਕੇ ਠਹਿਰੇ ਬਰਨਾਲਾ ਜਿਲ੍ਹੇ ਦੇ ਪਿੰਡ ਪੰਧੇਰ ਦੇ ਦੋ ਨੌਜਵਾਨ ਕਮਰੇ ਵਿੱਚ ਮ੍ਰਿਤਕ ਪਾਏ ਗਏ ਹਨ। ਕਮਰੇ ਵਿਚੋ ਸਲਫਾਸ ਦੀਆਂ ਦੋ ਖਾਲੀ ਸ਼ੀਸ਼ੀਆਂ ਵੀ ਬਰਾਮਦ ਹੋਈਆਂ ਹਨ। ਪੁਲਿਸ ਨੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਨਸਾ ਸ਼ਹਿਰ ਦੇ ਵਿਚਕਾਰ ਸਥਿਤ ਹੋਟਲ R.M. ਵਿੱਚ ਬਰਨਾਲਾ ਜਿਲ੍ਹੇ ਦੇ ਪਿੰਡ ਪੰਧੇਰ ਦੇ ਦੋ ਨੌਜਵਾਨ ਹਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਠਹਿਰੇ ਸਨ। ਜਿਨ੍ਹਾਂ ਨੇ ਹੋਟਲ ਮੈਨੇਜਰ ਨੂੰ ਕਿਹਾ ਸੀ ਕਿ ਅਸੀਂ ਸਵੇਰੇ ਅੱਠ ਵਜੇ ਜਾਣਾ ਹੈ, ਸਾਨੂੰ ਸਵੇਰੇ ਉਠਾ ਦੇਣਾ, ਪਰ ਸਵੇਰੇ ਮੈਨੇਜਰ ਵੱਲੋਂ ਦਰਵਾਜਾ ਖੜਕਾਉਣ ਉੱਤੇ ਦਰਵਾਜਾ ਨਹੀਂ ਖੁੱਲ੍ਹਾ ਤਾਂ ਮੈਨੇਜਰ ਨੇ ਥਾਣਾ ਸਿਟੀ-1 ਪੁਲਿਸ ਨੂੰ ਸੂਚਿਤ ਕਰ ਦਿੱਤਾ। ਹੋਟਲ ਮਾਲਿਕ ਮੋਹਿਤ ਕੁਮਾਰ ਨੇ ਦੱਸਿਆ ਇਹ ਨੌਜਵਾਨ ਕੱਲ ਦੁਪਹਿਰ ਸਾਡੇ ਕੋਲ ਕਮਰਾ ਲੈਣ ਆਏ ਸੀ ਅਤੇ ਅਸੀਂ ਦੁਪਹਿਰ ਕਰੀਬ 12 ਵਜੇ ਇਨ੍ਹਾਂ ਦਾ ਆਧਾਰ ਕਾਰਡ ਲੈ ਕੇ ਇਨ੍ਹਾਂ ਨੂੰ ਕਮਰਾ ਦੇ ਦਿੱਤਾ ਅਤੇ ਉਸਤੋਂ ਬਾਅਦ ਕੀ ਹੋਇਆ ਸਾਨੂੰ ਨਹੀਂ ਪਤਾ। ਉਨ੍ਹਾਂ ਕਿਹਾ ਕਿ ਸਵੇਰੇ ਇਨ੍ਹਾਂ ਨੇ ਜਾਣਾ ਸੀ ਅਤੇ ਜਦੋਂ ਅਸੀਂ ਦਰਵਾਜਾ ਖੜਕਾਇਆ ਤਾਂ ਇਨ੍ਹਾਂ ਨੇ ਦਰਵਾਜਾ ਨਹੀਂ ਖੋਲਿਆ, ਜਿਸ ਉੱਤੇ ਅਸੀਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਤੇ ਪੁਲਿਸ ਨੇ ਆਕੇ ਕਮਰਾ ਖੁਲਵਾਇਆ।
ਥਾਣਾ ਸਿਟੀ-1 ਦੀ ਪੁਲਿਸ ਨੇ ਜਾਣਕਾਰੀ ਮਿਲਣ ਤੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ-1 ਦੇ ਮੁੱਖ ਅਫਸਰ ਜਗਦੀਸ਼ ਸ਼ਰਮਾ ਨੇ ਦੱਸਿਆ ਕਿ ਥਾਣੇ ਦੇ ਨਜਦੀਕ ਪੈਂਦੇ ਆਰ.ਐਮ. ਹੋਟਲ ਵਿੱਚ ਹਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਨਾਮਕ ਦੋ ਨੌਜਵਾਨਾਂ ਨੇ ਕਮਰਾ ਬੁੱਕ ਕਰਵਾਇਆ ਸੀ ਅਤੇ 2 ਵਜੇ ਦੇ ਕਰੀਬ ਇਨਾ ਨੌਜਵਾਨਾਂ ਨੇ ਹੋਟਲ ਦੇ ਮੈਨੇਜਰ ਨੂੰ ਕਿਹਾ ਸੀ ਕਿ ਅਸੀਂ ਸਵੇਰੇ 9 ਵਜੇ ਜਾਣਾ ਹੈ, ਇਸ ਲਈ ਸਾਨੂੰ ਸਵੇਰੇ ਜਗਾ ਦੇਣਾ, ਜਿਸ ਉੱਤੇ ਹੋਟਲ ਮੈਨੇਜਰ ਨੇ ਸਵੇਰੇ 8 ਵਜੇ ਇਨ੍ਹਾਂ ਨੌਜਵਾਨਾਂ ਨੂੰ ਜਗਾਉਣ ਲਈ ਕਮਰੇ ਦਾ ਦਰਵਾਜਾ ਖੜਕਾਇਆ ਤਾਂ ਦਰਵਾਜਾ ਅੰਦਰੋਂ ਬੰਦ ਸੀ। ਉਨ੍ਹਾਂ ਕਿਹਾ ਕਿ ਕਈ ਵਾਰ ਕੋਸ਼ਿਸ਼ ਕਰਨ ਤੇ ਜਦੋਂ ਦਰਵਾਜਾ ਨਾ ਖੋਲਿਆ ਗਿਆ ਤਾਂ ਇਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਉੱਤੇ ਅਸੀਂ ਇੱਥੇ ਪਹੁੰਚ ਕੇ ਦਰਵਾਜਾ ਖੋਲਿਆ ਅਤੇ ਵੇਖਿਆ ਕਿ ਦੋਵੇ ਨੌਜਵਾਨ ਮਰੇ ਪਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਕੋਲੋਂ 2 ਸ਼ੀਸ਼ੀਆਂ ਸਲਫਾਸ ਦੀਆਂ ਮਿਲੀਆਂ ਹਨ ਅਤੇ ਦੋਵੇ ਬਰਨਾਲਾ ਜਿਲ੍ਹੇ ਦੇ ਪਿੰਡ ਪੰਧੇਰ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ ।