
ਮਾਨਸਾ, 28 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) : ਜਿੱਥੇ ਪਿਛਲੇ ਇੱਕ ਸਾਲ ਤੋਂ ਵੀ ਉੱਪਰ ਦੇ ਸਮੇਂ ਦੌਰਾਨ ਕਰੋਨਾ ਦੀ ਇਸ ਮਹਾਂਮਾਰੀ ਨੇ ਵੱਡੀ ਗਿਣਤੀ ਵਿੱਚ ਦੁਨੀਆਂ ਨੂੰ ਆਪਣੇ ਲਿਪੇਟੇ ਵਿੱਚ ਲੈ ਕੇ ਰੱਖ ਦਿੱਤਾ ਹੈ, ਉੱਥੇ ਕਿਵੇਂ ਨਾ ਕਿਵੇਂ ਕਰਕੇ ਜਿੱਥੇ ਸਾਡੇ ਰਾਜ, ਦੇਸ਼ ਦੇ ਸਿਹਤ ਵਿਭਾਗ ਦੇ ਡਾਕਟਰਾਂ, ਨਰਸਾਂ ਅਤੇ ਹੋਰ ਫਰੰਟ ਲਾਈਨ ਦੇ ਵਰਕਰਾਂ ਨੇ ਆਪਣੀ ਜਾਨ ਨੂੰ ਜ਼ੋਖਿਮ ਵਿੱਚ ਪਾ ਸਮੁੱਚੀ ਮਾਨਵਤਾ ਨੂੰ ਇੱਕ ਨਵੀਂ ਜ਼ਿੰਦਗੀ ਇੱਕ ਨਵਾਂ ਵਾਤਾਵਰਨ ਦੇਣ ਲਈ ਆਪਣੀ ਪੂਰੀ ਵਾਹ ਲਾ ਦਿੱਤੀ ਹੈ। ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਇੱਕ ਹੋਣਹਾਰ ਡਾਕਟਰ ਰਣਜੀਤ ਸਿੰਘ ਰਾਏ ਜਿੰਨ੍ਹਾਂ ਦੇ ਕੰਮ, ਮਿਹਨਤ, ਤਜ਼ਰਬੇ, ਲਗਨ ਨੂੰ ਹਰ ਕੋਈ ਸਲੂਟ ਕਰ ਰਿਹਾ ਹੈ। ਹੁਣ ਡਾਕਟਰ ਰਣਜੀਤ ਸਿੰਘ ਰਾਏ ਨੂੰ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਕੋਵਿਡ 19 ਤਹਿਤ ਨਿਭਾਈਆਂ ਗਈਆਂ ਦਿਨ ਰਾਤ ਦੀਆਂ ਸੇਵਾਵਾਂ ਸਦਕਾ 31 ਜੁਲਾਈ ਨੂੰ ਸਪੈਸ਼ਲ ਅਵਾਰਡ ਮਿਲਣ ਜਾ ਰਿਹਾ ਹੈ। ਜੋ ਕਿ ਮਾਨਸਾ ਜ਼ਿਲ੍ਹੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗੜ੍ਹ ਦੇ ਪੱਤਰ ਨੰਬਰ ਪੀ.ਏ./ਡੀ.ਐਚ.ਐਸ.ਪੰ: 2021/374-390 ਮਿਤੀ, ਚੰਡੀਗੜ੍ਹ 27/07/2021 ਤਹਿਤ ਪੰਜਾਬ ਦੇ 22 ਡਾਕਟਰਾਂ ਨੂੰ ਇਸ ਸਨਮਾਨਿਤ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ, ਜਿੰਨ੍ਹਾਂ ਨੂੰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਜੇ. ਡਵਲਯੂ. ਮੈਰਿਅਟ ਹੋਟਲ ਚੰਡੀਗੜ੍ਹ ਵਿਖੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨਗੇ। ਇਸ ਮੌਕੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਇਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੰਦਿਆਂ ਕਿਹਾ ਕਿ ਡਾਕਟਰ ਰਣਜੀਤ ਸਿੰਘ ਰਾਏ ਦੀ ਬਿਹਤਰੀਨ ਕਾਰਗੁਜ਼ਾਰੀ ਸਦਕਾ ਇਨ੍ਹਾਂ ਨੂੰ ਪਤਾ ਨਹੀਂ ਕਿੰਨਿਆਂ ਕੁ ਸਮਾਜ ਸੇਵੀ ਸੰਸਥਾਵਾਂ, ਸਰਕਾਰਾਂ, ਮੋਹਤਬਰ ਵਿਅਕਤੀਆਂ, ਕਲੱਬਾਂ, ਸੰਸਥਾਵਾਂ ਆਦਿ ਤੋਂ ਅਹਿਮ ਸਨਮਾਨ, ਪ੍ਰਸ਼ੰਸਾ ਪੱਤਰ ਮਿਲੇ ਹਨ, ਸ਼ਾਇਦ ਇਸ ਦਾ ਲੇਖਾ ਜੋਖਾ ਕਰਨਾ ਮੁਸ਼ਕਿਲ ਹੈ। ਸਾਨੂੰ ਮਾਣ ਹੈ ਕਿ ਸਾਡੇ ਜ਼ਿਲ੍ਹੇ ਵਿੱਚ ਅਜਿਹੇ ਉੱਚ ਕੋਟਿ ਵਾਲੇ ਹੋਣਹਾਰ ਡਾਕਟਰ ਮੌਜੂਦ ਹਨ।
