*ਮਾਨਸਾ ਦੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਵਿਖੇ ਟਿੱਬਿਆਂ ਦਾ ਮੇਲਾ 08 ਦਸੰਬਰ ਤੋਂ ਸ਼ੁਰੂ, ਡਿਪਟੀ ਕਮਿਸ਼ਨਰ ਕਰਨਗੇ ਉਦਘਾਟਨ*

0
34

ਮਾਨਸਾ, 07 ਦਸੰਬਰ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਮੇਲਾ ਅਫ਼ਸਰ ਸ੍ਰੀ ਅਮਿਤ ਬੈਂਬੀ ਨੇ ਦੱਸਿਆ ਕਿ ਦੇਸ਼ ਦੀ ਵਿਰਾਸਤ ਅਤੇ ਕਲਾਕਾਰੀ ਨੂੰ ਸੰਜੋਏ ਹੋਏ ਤਿੰਨ ਰੋਜ਼ਾ 08 ਦਸੰਬਰ ਤੋਂ 10 ਦਸੰਬਰ ਤੱਕ ਟਿੱਬਿਆਂ ਦਾ ਮੇਲਾ ਖੇਡ ਸਟੇਡੀਅਮ, ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 10 ਦਸੰਬਰ ਨੂੰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਨਿਵੇਸ਼ ਪ੍ਰੋਤਸਾਹਨ, ਪ੍ਰਾਹੁਣਾਚਾਰੀ ਮੰਤਰੀ ਪੰਜਾਬ ਮਿਸ ਅਨਮੋਲ ਗਗਨ ਮਾਨ ਮੁੱਖ ਮਹਿਮਾਨ ਵਜ਼ੋਂ ਸ਼ਿਰਕਤ ਕਰਨਗੇ।
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ 08 ਦਸੰਬਰ ਨੂੰ ਟਿੱਬਿਆਂ ਦੇ ਮੇਲੇ ਦਾ ਉਦਘਾਟਨ ਕਰਨਗੇ। 8 ਦਸੰਬਰ ਦੀ ਸ਼ਾਮ 4 ਵਜੇ ਹਲਕਾ ਵਿਧਾਇਕ ਸਰਦੂਲਗੜ੍ਹ ਸ੍ਰ ਗੁਰਪ੍ਰੀਤ ਸਿੰਘ ਬਣਾਂਵਾਲੀ, 09 ਦਸੰਬਰ ਨੂੰ ਸਵੇਰੇ 11 ਵਜੇ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਅਤੇ ਸ਼ਾਮ 4 ਵਜੇ ਵਿਧਾਇਕ ਬੁਢਲਾਡਾ-ਕਮ-ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਸ੍ਰ ਬੁੱਧ ਰਾਮ ਵਿਸ਼ੇਸ਼ ਮਹਿਮਾਨ ਵਜ਼ੋਂ ਸ਼ਿਰਕਤ ਕਰਨਗੇ।
ਉਨ੍ਹਾਂ ਦੱਸਿਆ ਕਿ 10 ਦਸੰਬਰ ਤੱਕ ਚੱਲਣ ਵਾਲੇ ਟਿੱਬਿਆਂ ਦੇ ਮੇਲੇ ਵਿਚ 11 ਰਾਜਾਂ ਦੇ 50 ਦੇ ਕਰੀਬ ਲੋਕ ਹਿੱਸਾ ਲੈ ਕੇ ਲੋਕਾਂ ਤੱਕ ਆਪਣੇ ਰਾਜਾਂ ਨਾਲ ਸਬੰਧਤ ਵਸਤਾਂ ਦੀ ਪ੍ਰਦਰਸ਼ਨੀ ਲਗਾਉਣਗੇ ਤਾਂ ਜੋ ਲੋਕ ਇਕ ਹੀ ਛੱਤ ਹੇਠ ਆਪਣੀ ਅਮੀਰ ਸੰਸਕ੍ਰਿਤੀ ਨਾਲ ਜੁੜੀਆਂ ਕਲਾਕ੍ਰਿਤੀਆਂ ਦੀ ਖਰੀਦਦਾਰੀ ਕਰ ਸਕਣ। ਉਨ੍ਹਾਂ ਕਿਹਾ ਕਿ ਇੰਨ੍ਹਾਂ ਵਿਚ ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਰਾਜਸਥਾਨ, ਵੈਸਟ ਬੰਗਾਲ, ਦਿੱਲੀ, ਉੱਤਰਾਖੰਡ, ਮੁੰਬਈ, ਹਰਿਆਣਾ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਰਾਜਾਂ ਤੋਂ ਲੋਕ ਸ਼ਮੂਲੀਅਤ ਕਰਨਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟਿੱਬਿਆਂ ਦਾ ਮੇਲਾ ਸਵੇਰੇ 11 ਵਜੇ ਤੋਂ ਰਾਤ 09 ਵਜੇ ਤੱਕ ਚੱਲੇਗਾ। 08 ਦਸੰਬਰ ਨੂੰ ਸ਼ਬਦ ਗਾਇਣ ਨਾਲ ਮੇਲੇ ਦਾ ਆਗਾਜ਼ ਹੋਵੇਗਾ ਅਤੇ ਸ਼ਾਮ 4 ਵਜੇ ਅਜਮੇਰ ਔਲਖ ਨੂੰ ਸਮਰਪਿਤ ਥੀਮ ਨਸ਼ਿਆਂ ਨੂੰ ਨਾਹ, ਜ਼ਿੰਦਗੀ ਨੂੰ ਹਾਂ ’ਤੇ ਆਧਾਰਿਤ ਅਵੇਸਲੇ ਯੁੱਧਾਂ ਦੀ ਨਾਇਕਾ ਨਾਟਕ ਲੋਕ ਕਲਾ ਮੰਚ ਸ੍ਰੀਮਤੀ ਮਨਜੀਤ ਔਲਖ ਵੱਲੋਂ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਪੰਜਾਬੀ ਗਾਇਕ ਪਾਲੀ ਦੇਤਵਾਲੀਆ ਆਪਣੀ ਗਾਇਕੀ ਰਾਹੀਂ ਸਰੋਤਿਆਂ ਦਾ ਮਨੋਰੰਜਨ ਕਰਨਗੇ। 09 ਦਸੰਬਰ ਨੂੰ ਸੁਖਦੇਵ ਸਫ਼ਰੀ ਨੂੰ ਸਮਰਪਿਤ ਸੁਰਮਈ ਸ਼ਾਮ ਮੌਕੇ ਗਾਇਕ ਗੁਰਲਾਲ ਬਰਾੜ ਅਤੇ ਗੁਨਤਾਜ ਦੰਦੀਵਾਲ ਵੱਲੋਂ ਜਿੱਥੇ ਮੇਲੇ ਵਿਚ ਸ਼ਮੂਲੀਅਤ ਕਰਨ ਵਾਲੇ ਸਰੋਤਿਆਂ ਦੇ ਰੂਬਰੂ ਹੋਣਗੇ ਉੱਥੇ ਹੀ ਨਾਟਿਅਮ ਬਠਿੰਡਾ ਕੀਰਤੀ ਕਿਰਪਾਲ ਵੱਲੋਂ ਮੈਂ ਭਗਤ ਸਿੰਘ ਨਾਟਕ ਕੀਤਾ ਜਾਵੇਗਾ। 10 ਦਸੰਬਰ ਨੂੰ ਅਖੀਰਲੇ ਦਿਨ ਗਾਇਕ ਕੰਵਰ ਗਰੇਵਾਲ ਮੇਲੇ ’ਚ ਸਮਾਂ ਬੰਨ੍ਹਣਗੇ ਅਤੇ ਇਸ ਤੋਂ ਪਹਿਲਾਂ ਸ਼ਬਦ ਗਾਇਣ, ਸਿੱਠਣੀਆਂ, ਭੰਡ, ਝੂਮਰ, ਗਿੱਧਾ, ਗੀਤ ਸੰਗੀਤ, ਬੋਲੀਆਂ ਮੇਲੇ ਦਾ ਸ਼ਿੰਗਾਰ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਮੇਲੇ ਵਿਚ ਸ਼ਮੂਲੀਅਤ ਕਰਨ ਵਾਲੇ ਲੋਕਾਂ ਦੀ ਸੁਵਿਧਾ ਲਈ ਵੱਖ-ਵੱਖ ਰਾਜਾਂ ਨਾਲ ਸਬੰਧਤ ਫੂਡ ਸਟਾਲ ਤੋਂ ਇਲਾਵਾ ਬੱਚਿਆਂ ਲਈ ਝੂਲਿਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਪਰਿਵਾਰ ਸਮੇਤ ਇਸ ਵਿਰਾਸਤੀ ਮੇਲੇ ਵਿਚ ਆਉਣ ਦੀ ਅਪੀਲ ਕੀਤੀ ਤਾਂ ਜੋ ਵੱਖ ਵੱਖ ਰਾਜਾਂ ਤੋਂ ਆਏ ਕਲਾਕਾਰਾਂ ਦਾ ਹੌਂਸਲਾ ਵਧਾਇਆ ਜਾ ਸਕੇ।

LEAVE A REPLY

Please enter your comment!
Please enter your name here