ਮਾਨਸਾ 27 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) : ਮਾਨਸਾ ਦਾ ਅੱਗਰਵਾਲ ਸਮਾਜ ਜਲਦੀ ਐਡਵੋਕੇਟ ਪਵਨ ਕੁਮਾਰ ਗੋਇਲ, ਜੈਤੋ ਜਿੰਨ੍ਹਾਂ ਨੂੰ ਮੈਡਮ ਸੋਨੀਆਂ ਗਾਂਧੀ,
ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ, ਨੂੰ ਮਾਨਸਾ ਬੁਲਾ ਕੇ ਅੱਗਰਵਾਲ ਸਮਾਜ ਵੱਲੋਂ
ਸਨਮਾਨਿਤ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਅਸ਼ੋਕ ਗਰਗ ਸੀਨੀਅਰ ਮੀਤ ਪ੍ਰਧਾਨ ਅੱਗਰਵਾਲ ਸਭਾ ਪੰਜਾਬ, ਪ੍ਰਸ਼ੋਤਮ ਬਾਂਸਲ ਪ੍ਰਧਾਨ
ਅੱਗਰਵਾਲ ਸਭਾ ਮਾਨਸਾ, ਵਿਨੋਦ ਭੰਮਾਂ ਜਿਲ੍ਹਾ ਪ੍ਰਧਾਨ ਅੱਗਰਵਾਲ ਸਭਾ ਮਾਨਸਾ, ਰੁਲਦੂ ਰਾਮ ਬਾਂਸਲ ਜਨਰਲ ਸਕੱਤਰ ਜਿਲ੍ਹਾ ਅੱਗਰਵਾਲ ਸਭਾ ਮਾਨਸਾ,
ਐਡਵੋਕੇਟ ਆਰ.ਸੀ. ਗੋਇਲ ਜਨਰਲ ਸਕੱਤਰ ਜਿਲ੍ਹਾ ਅੱਗਰਵਾਲ ਸਭਾ ਮਾਨਸਾ ਨੇ ਕਿਹਾ ਕਿ ਪਵਨ ਗੋਇਲ ਐਡਵੋਕੇਟ ਦਾ ਪਿਛੋਕੜ ਟਕਸਾਲੀ ਕਾਂਗਰਸੀ
ਅੱਗਰਵਾਲ ਪਰਿਵਾਰ ਵਾਲਾ ਹੈ। ਪਵਨ ਗੋਇਲ ਦੇ ਦਾਦਾ ਫਰੀਡਮ ਫਾਇਟਰ ਲਾਲਾ ਨੰਦ ਰਾਮ ਜੀ ਸਨ ਅਤੇ 1930 ਦੇ ਜੈਤੋ ਮੋਰਚੇ ਸਮੇਂ ਜਵਾਹਰ ਲਾਲ
ਨਹਿਰੂ ਨੇ ਜੈਤੋ ਵਿਖੇ ਲਾਲਾ ਨੰਦ ਰਾਮ ਦੇ ਨਾਲ ਮਿਲਕੇ ਜੈਤੋ ਮੋਰਚਾ ਚਲਾਇਆ ਸੀ। ਉਸਤੋਂ ਬਾਅਦ ਪਵਨ ਗੋਇਲ ਦੇ ਪਿਤਾ ਲਾਲਾ ਭਗਵਾਨ ਦਾਸ ਦਰਬਾਰਾ
ਸਿੰਘ ਦੀ ਸਰਕਾਰ ਵਿੱਚ ਮੰਤਰੀ ਰਹੇ ਹਨ। ਜਦ ਪੰਜਾਬ ਵਿੱਚ ਕਾਲਾ ਦੌਰ ਆਇਆ, ਉਸ ਸਮੇਂ ਬੇਅੰਤ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ
ਅਤੇ ਲਾਲਾ ਭਗਵਾਨ ਦਾਸ ਨੂੰ ਪੰਜਾਬ ਕਾਂਗਰਸ ਦਾ ਸੀਨੀਅਰ ਵਾਇਸ ਪ੍ਰਧਾਨ ਬਣਾਇਆ ਗਿਆ। 1988 ਵਿੱਚ ਜੈਤੋ ਵਿਖੇ ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ
ਗਾਂਧੀ ਜੈਤੋ ਵਿਖੇ ਲਾਲਾ ਭਗਵਾਨ ਦਾਸ ਕੋਲ ਜੈਤੋ ਵਿਖੇ ਆਏ ਜਿਸਤੋਂ ਇੱਕ ਮਹੀਨਾ ਬਾਅਦ ਲਾਲਾ ਭਗਵਾਨ ਦਾਸ ਜੀ ਦਾ ਕਤਲ ਪੰਜਾਬ ਵਿੱਚ ਅਮਨ ਚੈਨ ਨਾ
ਚਾਹੁਣ ਵਾਲੀਆਂ ਸ਼ਕਤੀਆਂ ਵੱਲੋਂ ਕਰ ਦਿੱਤਾ ਗਿਆ। ਲਾਲਾ ਭਗਵਾਨ ਦਾਸ ਪੰਜਾਬ ਵਿੱਚ ਅੱਗਰਵਾਲ ਭਾਈਚਾਰੇ ਦੀ ਪ੍ਰਤੀਨਿਧਤਾ ਕਾਂਗਰਸ ਪਾਰਟੀ ਵਿੱਚ
ਕਰਦੇ ਸਨ ਅਤੇ ਉਸ ਸਮੇਂ ਉਨ੍ਹਾਂ ਪੰਜਾਬ ਵਿੱਚ ਅਮਨ ਸ਼ਾਂਤੀ ਲਈ ਅਤੇ ਅੱਗਰਵਾਲ ਭਾਈਚਾਰਾ ਪੰਜਾਬ ਛੱਡ ਕੇ ਨਾ ਜਾਵੇ ਉਸ ਲਈ ਆਪਣੀ ਜਾਨ ਕੁਰਬਾਨ
ਕਰ ਦਿੱਤੀ। ਹੁਣ ਜਦ ਨਵੇਂ ਪੱਧਰ ’ਤੇ ਪੰਜਾਬ ਕਾਂਗਰਸ ਦਾ ਸੰਗਠਨ ਬਣਿਆ ਹੈ ਤਾਂ ਉਸ ਵਿੱਚ ਗਾਂਧੀ ਪਰਿਵਾਰ ਵੱਲੋਂ ਮਾਲਵੇ ਨਾਲ ਸਬੰਧਤ ਟਕਸਾਲੀ
ਕਾਂਗਰਸੀ ਅੱਗਰਵਾਲ ਪਰਿਵਾਰ ਦੇ ਪੁੱਤਰ ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਅੱਗਰਵਾਲ ਭਾਈਚਾਰੇ ਨੂੰ ਮਾਣ ਦਿੱਤਾ। ਇਸ ਟਕਸਾਲੀ ਕਾਂਗਰਸੀ ਪਰਿਵਾਰ ਦੀ
ਅੱਗਰਵਾਲ ਭਾਈਚਾਰੇ ਲਈ ਪਾਏ ਯੋਗਦਾਨ ਲਈ ਜਲਦੀ ਹੀ ਪਵਨ ਗੋਇਲ ਨੂੰ ਮਾਨਸਾ ਬੁਲਾ ਕੇ ਮਾਨਸਾ ਦਾ ਅੱਗਰਵਾਲ ਭਾਈਚਾਰਾ ਸਨਮਾਨਿਤ ਕਰੇਗਾ।