
ਮਾਨਸਾ 22 ਅਪ੍ਰੈਲ (ਬਪਸ):ਮਾਨਸਾ ਜ਼ਿਲ੍ਹੇ ਦੇ ਦੋ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਪੁੱਤਰ ਸੁਰਿੰਦਰਪਾਲ ਵਾਸੀ ਮਾਨਸਾ ਸਰਦੂਲਗੜ੍ਹ ਦੇ ਪਿੰਡ ਕੋਟੜਾ ਆਪਣੇ ਦੋਸਤ ਹਰਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਕੋਲ ਪਹੁੰਚਿਆ। ਇਹ ਦੋਵੇਂ ਨੌਜਵਾਨ ਨਸ਼ਾ ਕਰਨ ਦੇ ਆਦੀ ਦੱਸੇ ਜਾ ਰਹੇ ਹਨ। ਸੋਮਵਾਰ ਸਾਮ ਦੋਵੇਂ ਹਰਿਆਣਾ ਦੇ ਨੇੜਲੇ ਪਿੰਡ ਰੋੜੀ ਚਲੇ ਗਏ ਜਿੱਥੋਂ ਇਨ੍ਹਾਂ ਨੇ ਕਿਸੇ ਵਿਅਕਤੀ ਤੋ ਨਸ਼ਾ ਲਿਆ ਤੇ ਨਸ਼ੇ ਦੀ ਡੋਜ਼ ਜ਼ਿਆਦਾ ਲੈਣ ਕਰਕੇ ਇਨ੍ਹਾਂ ਦੋਵਾਂ ਵਿਅਕਤੀਆਂ ਦੀ ਹਾਲਤ ਗੰਭੀਰ ਹੋ ਗਈ। ਜਿਨ੍ਹਾਂ ਨੂੰ ਨੇੜਲੇ ਸਰਦੂਲਗੜ੍ਹ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਇੱਕ ਪੁਲਿਸ ਮੁਲਾਜ਼ਮ ਦਾ ਲੜਕਾ ਹੈ ਇੱਥੇ ਇਹ ਵੀ ਵੇਖਣਾ ਬਣਦਾ ਹੈ ਕਿ ਕਰਫਿਊ ਦੌਰਾਨ ਅੰਮ੍ਰਿਤਪਾਲ ਮਾਨਸਾ ਤੋਂ ਕਿਸ ਤਰ੍ਹਾਂ ਕੋਟੜੇ ਆਇਆ ਉਸ ਤੋਂ ਬਾਅਦ ਕਿਵੇਂ ਦੋਵੇਂ ਪੰਜਾਬ ਦੀ ਹੱਦ ਪਾਰ ਕਰਕੇ ਹਰਿਆਣੇ ਦੇ ਸ਼ਹਿਰ ਰੋੜੀ ਪਹੁੰਚੇ। ਇਹ ਪੁਲਸ ਪ੍ਰਸ਼ਾਸਨ ਦੀ ਤਨਦੇਹੀ ਨਾਲ ਦਿੱਤੀ ਜਾ ਰਹੀ ਡਿਊਟੀ ਤੇ ਵੀ ਸਵਾਲੀਆਂ ਚਿੰਨ ਲਗਾਉਂਦਾ ਹੈ। ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਰੱਖੀਆਂ ਹੋਈਆਂ ਹਨ। ਉਧਰ ਰੋੜੀ (ਹਰਿਆਣਾ) ਪੁਲੀਸ ਦੇ ਥਾਨੇਦਾਰ ਜਗਦੀਸ ਚੰਦਰ ਨੇ ਦੱਸਿਆ ਕਿ ਰੋੜੀ ਪੁਲਸ ਨੇ ਸੁਰਿੰਦਰਪਾਲ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਕਾਲਜ ਰੋਡ ਮਾਨਸਾ ਦੇ ਬਿਆਨਾ ਦੇ ਅਧਾਰ ਤੇ ਸੁਰਿੰਦਰ ਸਿੰਘ ਉਰਫ ਰਾਜੂ ਵਾਸੀ ਰੋੜੀ ਤੇ ਧਾਰਾ 147/149/ 342/ 328/ 302 ਆਈ.ਪੀ.ਸੀ. ਅੈਕਟ ਅਧੀਨ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।
