ਮਾਨਸਾ 12,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ‘ਚ ਨਸ਼ੇ ਨੇ ਅੱਜ ਫਿਰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿੱਚ ਦੋ ਨੌਜਵਾਨਾਂ ਦੀ ਜਾਨ ਲੈ ਲਈ। ਦੋਵਾਂ ਨੌਜਵਾਨਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਪਰਿਵਾਰ ਨੇ ਜਿੱਥੇ ਕਾਰਵਾਈ ਦੀ ਮੰਗ ਕੀਤੀ ਹੈ, ਉੱਥੇ ਹੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।
ਸੂਤਰਾਂ ਮੁਤਾਬਕ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦੇ ਦੋ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਹੈ। ਮੂਸਾ ਦੇ 32 ਸਾਲਾ ਗੋਰਾ ਸਿੰਘ ਦੀ ਲਾਸ਼ ਰੇਲਵੇ ਸਟੇਸ਼ਨ ਦੇ ਨਜ਼ਦੀਕ ਮਿਲੀ ਹੈ ਜਦ ਕਿ ਉਸ ਦੇ ਦੋਸਤ ਦਰਸ਼ਨ ਸਿੰਘ ਦੀ ਲਾਸ਼ ਬੱਸ ਸਟੈਂਡ ਦੇ ਨਜ਼ਦੀਕ ਮਿਲੀ ਹੈ।
ਪਰਿਵਾਰ ਦੇ ਦੱਸਣ ਮੁਤਾਬਕ ਦੋਵੇਂ ਨੌਜਵਾਨ ਦੋਸਤ ਸੀ ਤੇ ਨਗਰ ਕੌਂਸਲ ਚੋਣਾਂ ਕਾਰਨ ਮਾਨਸਾ ਵਿੱਚ ਆਏ ਸਨ। ਨਸ਼ੇ ਦੀ ਓਵਰਡੋਜ਼ ਨੇ ਦੋਨਾਂ ਦੀ ਜਾਨ ਲੈ ਲਈ ਹੈ। ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਮੂਸਾ ਤੇ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਦੋਨੋਂ ਪਿਛਲੇ ਦਸ ਸਾਲਾਂ ਤੋਂ ਨਸ਼ੇ ਦਾ ਸੇਵਨ ਕਰ ਰਹੇ ਸਨ। ਉਨ੍ਹਾਂ ਬਾਰੇ ਪੁਲਿਸ ਨੂੰ ਨਸ਼ੇ ਦੇ ਕਾਰੋਬਾਰ ਬਾਰੇ ਜਾਣੂ ਕਰਾਇਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ।
ਦੂਜੇ ਪਾਸੇ ਮਾਨਸਾ ਪੁਲਿਸ ਨੇ ਮ੍ਰਿਤਕ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਮੈਂਬਰਾਂ ਅਨੁਸਾਰ ਮਰਨ ਵਾਲਾ ਨਸ਼ੇ ਦਾ ਆਦੀ ਸੀ। ਧਾਰਾ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ