*ਮਾਨਸਾ ਜਿਲ੍ਹੇ ਵਿੱਚ ਚਮਕਦੇ ਸਿਤਾਰੇ ਰਾਜਨੀਤੀ, ਗਾਇਕੀ, ਸਮਾਜ ਸੇਵੀ ਅਤੇ ਵਿਕਾਸ ਕੰਮਾਂ ਵਿੱਚ*

0
285

ਮਾਨਸਾ 14 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) — ਬੇਸ਼ੱਕ ਸ਼ਹਿਰ ਮਾਨਸਾ ਨੂੰ ਲੰਮਾ ਸਮਾਂ ਜਿਲ੍ਹਾ ਬਣਨ ਤੋਂ ਬਾਅਦ ਵੀ ਪਛੜਿਆ ਸਮਝਿਆ ਜਾਂਦਾ ਹੈ। ਪਰ ਇਹ ਜਿਲ੍ਹੇ ਦੇ ਕੁਝ ਵਿਅਕਤੀਆਂ ਨੇ ਰਾਜਨੀਤੀ, ਗਾਇਕੀ, ਸਮਾਜ ਸੇਵਾ ਅਤੇ ਕਾਰੋਬਾਰ ਵਿੱਚ ਵੱਡੇ ਨਾਮ ਕਮਾਏ ਹਨ। ਜਿਨ੍ਹਾਂ ਦਾ ਨਾਮ ਅੱਜ ਮਾਨਸਾ ਜਿਲ੍ਹੇ ਦੀਆਂ ਪ੍ਰਮੁੱਖ ਹਸਥੀਆਂ ਵਿੱਚੋਂ ਮੁੱਖ ਤੌਰ ਤੇ ਜਿਕਰ ਵਿੱਚ ਆਉਂਦਾ ਹੈ। ਬੇਸ਼ੱਕ ਮਾਨਸਾ ਦੇ ਮਿੱਠੂ ਕਬਾੜੀਏ ਨੇ ਕਬਾੜ ਵਿੱਚ ਲਿਆਂਦੇ 5 ਹਵਾਈ ਜਹਾਜ ਹੋਣ, ਗਾਇਕੀ ਖੇਤਰ ਵਿੱਚ ਥੋੜ੍ਹੇ ਸਮੇਂ ਵਿੱਚ ਅਸਮਾਨ ਦੀਆਂ ਬੁਲੰਦੀਆਂ ਛੂਹਣ ਵਾਲੇ ਗਾਇਕ ਆਰ.ਨੇਤ ਹੋਣ, ਬੁਰਜ ਢਿੱਲਵਾਂ ਦੇ ਸਰਪੰਚ ਜਗਦੀਪ ਸਿੰਘ ਦਾ ਨਾਮ ਹੋਵੇ ਅਤੇ ਕਾਰੋਬਾਰੀ ਅਤੇ ਰਾਜਨੀਤੀ ਵਿੱਚ ਆਪਣਾ ਨਾਮ ਕਮਾਉਣ ਵਾਲੇ ਪ੍ਰੇਮ ਕੁਮਾਰ ਅਰੋੜਾ ਦਾ ਜਿਕਰ ਹੋਵੇ। ਇਨ੍ਹਾਂ ਚਾਰੇ ਸਖਸੀਅਤਾਂ ਨੇ ਥੌੜ੍ਹੇ ਸਮੇਂ ਵਿੱਚ ਜਿਲ੍ਹੇ ਵਿੱਚ ਆਪਣਾ ਨਾਮ ਅਸਮਾਨ ਦੀਆਂ ਬੁਲੰਦੀਆਂ ਤੇ ਪਹੁੰਚਾਇਆ ਹੈ।
ਮਾਨਸਾ ਦਾ ਮਿੱਠੂ ਕਬਾੜੀਆ ਘੋਰ ਗਰੀਬੀ ਵਿੱਚੋਂ ਖੜ੍ਹਾ ਹੋਇਆ, ਉਸ ਨੇ ਕਬਾੜ ਦੇ ਕਾਰੋਬਾਰ ਵਿੱਚ ਇੱਕ-ਇੱਕ ਰੁਪਏ ਦੇ ਮੁਨਾਫੇ ਲਈ ਦਿਨ ਰਾਤ ਮਿਹਨਤ ਕਰਕੇ ਕਾਰੋਬਾਰ ਦੇ ਖੇਤਰ ਵਿੱਚ ਮਿੱਠੂ ਕਬਾੜੀਏ ਦੇ ਨਾਮ ਵਜੋਂ ਜੋ ਪ੍ਰੀਸੱਧੀ ਹਾਸਲ ਕੀਤੀ ਹੈ। ਉਹ ਮਾਲਵੇ ਵਿੱਚ ਕਿਸੇ ਵੀ ਹਿੱਸੇ ਨਹੀਂ ਆਈ। ਮਿੱਠੂ ਕਬਾੜੀਆ ਆਪਣਾ ਕਾਰੋਬਾਰ ਤਾਂ ਕਰ ਰਿਹਾ ਹੈ ਪਰ ਜਦੋਂ ਪਿਛਲੇ ਦਿਨੀਂ ਉਸ ਨੇ ਯੂ.ਪੀ ਦੇ ਹਵਾਈ ਅੱਡੇ ਤੋਂ ਲੱਖਾਂ ਰੁਪਏ ਦੇ ਭਾਰਤੀ ਹਵਾਈ ਫੌਜ ਦੇੋਂ ਜਹਾਜ ਖਰੀਦ ਕੇ ਲਿਆਇਆ ਤਾਂ ਉਸ ਨੂੰ ਦੇਖਣ ਵਾਲਿਆਂ ਦੀ ਭੀੜ ਲੱਗ ਗਈ। ਜਹਾਜਾਂ ਦੀ ਖਰੀਦ ਨੇ ਮਿੱਠੂ ਕਬਾੜੀਏ ਨੂੰ ਇਨ੍ਹਾਂ ਮਸ਼ਹੂਰ ਕਰ ਦਿੱਤਾ ਕਿ ਪਰਿਵਾਰਾਂ ਦੇ ਪਰਿਵਾਰ ਉਸ ਦੇ ਕਬਾੜਖਾਨੇ ਵਿੱਚ ਜਹਾਜ ਦੇਖਣ ਲਈ ਪਹੁੰਚੇ ਅਤੇ ਉਨ੍ਹਾਂ ਨੇ ਜਹਾਜ ਵਿੱਚ ਚੜ੍ਹ ਕੇ ਸੈਲਫੀਆਂ ਕਰਕੇ ਆਪਣਾ ਮਨੋਰੰਜਨ ਕੀਤਾ।
ਫੁੱਟਦੀ ਉਮਰੇ ਗਾਇਕੀ ਦੇ ਖੇਤਰ ਵਿੱਚ ਪਿੰਡ ਧਰਮਪੁਰਾ ਦੇ ਨੌਜਵਾਨ ਨੇਤ ਰਾਮ ਉਰਫ ਆਰ.ਨੇਤ ਨੇ ਲੋਕਾਂ ਨੂੰ ਮਿੱਠੀ ਅਵਾਜ ਵਿੱਚ ਰੋਮਾਂਟਿਕ ਗੀਤ ਦੇ ਕੇ ਮਾਨਸਾ ਹੀ ਨਹੀਂ ਸਗੋਂ ਪੂਰੇ ਦੇਸ਼ ਅਤੇ ਵਿਦੇਸ਼ਾਂ ਵਿੱਚ ਮਾਨਸਾ ਦੇ ਗਾਇਕ ਵਜੋਂ ਪਹਿਚਾਣ ਬਣਾਈ ਹੈ। ਉਸ ਦਾ ਗੀਤ “ਦਬਦਾ ਕਿੱਥੇ ਆ” ਲੋਕ ਸਭਾ ਚੋਣਾਂ ਵਿੱਚ ਸਿਆਸੀ ਸਟੇਜਾਂ ਅਤੇ ਪ੍ਰਚਾਰ ਵਿੱਚ ਖੂਬ ਗੂੰਜਿਆ,ਜਿਸ ਨੂੰ ਹਰ ਬੱਚੇ-ਬੱਚੇ ਨੇ ਪਸੰਦ ਕੀਤਾ। ਉਸ ਤੋਂ ਬਾਅਦ ਆਰ.ਨੇਤ ਨੇ ਗਾਇਕੀ ਖੇਤਰ ਵਿੱਚ ਰੋਮਾਂਟਿਕ ਗੀਤ ਪਾਏ। ਸੁਭਾਅ ਪੱਖੋਂ ਬੇਹੱਦ ਮਿਲਣਸਾਰ ਅਤੇ ਹੈਂਕੜ ਤੋਂ ਦੂਰ ਗਾਇਕੀ ਰਾਹੀਂ ਪਿਆਰ–ਮੁਹੱਬਤ ਦੀਆਂ ਪਰਤਾਂ ਖੋਲ੍ਹਣ ਵਾਲਾ ਇਹ ਗਾਇਕ ਮਾਨਸਾ ਦੇ ਗਾਇਕ ਵਜੋਂ ਗਾਇਕੀ ਦੇ ਮੰਚ ਤੇ ਧਰੁਵ ਤਾਰੇ ਵਾਂਗ ਚਮਕਦਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਲੋਕਾਂ ਨੇ ਪਸੰਦ ਕੀਤਾ ਹੈ ਤਾਂ ਹੀ ਉਸ ਨੇ ਪ੍ਰਸਿੱਧੀ ਹਾਸਲ ਕੀਤੀ ਹੈ। ਇਸ ਲਈ ਉਹ ਲੋਕਾਂ ਦੇ ਰਿਣੀ ਹਨ। ਪਰ ਉਹ ਤਮਾਮ ਉਮਰ ਮਾਨਸਾ ਦੀ ਮਿੱਟੀ ਨਾਲ ਜੁੜ ਕੇ ਗਾਉਣ-ਵਜਾਉਣ ਨੂੰ ਆਪਣਾ ਸੁਭਾਗ ਸਮਝਣਗੇ।
ਜਿਲ੍ਹਾ ਮਾਨਸਾ ਦੇ ਪਿੰਡ ਬੁਰਜ ਢਿੱਲਵਾਂ ਦੇ ਨੌਜਵਾਨ ਸਰਪੰਚ ਜਗਦੀਪ ਸਿੰਘ ਦਾ ਕੰਮ ਵੀ ਮੂੰਹੋਂ ਬੋਲਦਾ ਹੈ। ਉਸ ਨੇ ਕਦੇ ਵੀ ਵਿਕਾਸ ਕੰਮਾਂ ਦਾ ਰੋਲਾ ਨਹੀਂ ਪਾਇਆ। ਬਲਕਿ ਉਸ ਨੇ ਆਪਣੀ ਮਿਹਨਤ ਨਾਲ ਪਾਰਕਾਂ ਦੀ ਉਸਾਰੀ, ਇੰਟਰਲਾੱਕ ਟਾਇਲਾਂ ਵਾਲੀਆਂ ਗਲੀਆਂ, ਨਾਲੀਆਂ ਬਣਾਉਣ ਦੇ ਨਾਲ-ਨਾਲ ਪੰਚਾਇਤੀ ਕੰਮ ਕਰਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਉਸ ਕੋਲ ਗ੍ਰਾਂਟਾ ਦੀ ਬੜੀ ਥੁੜ੍ਹ ਰਹੀ। ਪਰ ਉਸ ਨੇ ਕੇਂਦਰ ਦੀ ਮਨਰੇਗਾ ਸਕੀਮ ਅਤੇ ਥੌੜ੍ਹੀਆਂ ਗ੍ਰਾਂਟਾ ਨਾਲ ਪਿੰਡ ਦੇ ਵੱਡੇ ਕੰਮ ਕਰਵਾਏ ਹਨ। ਜਗਦੀਪ ਸਿੰਘ ਦਾ ਕਹਿਣਾ ਹੈ ਕਿ ਇਮਾਨਦਾਰੀ ਅਤੇ ਲਗਨ ਕੰਮਾਂ ਵਿੱਚ ਆ ਰਹੀ ਅੜਚਣ ਨੂੰ ਦੂਰ ਕਰਕੇ ਕੰਮ ਕਰਨ ਦਾ ਹੋਂਸਲਾ ਦਿੰਦੇ ਹਨ। ਉਸ ਨੂੰ ਸਾਰਾ ਪਿੰਡ ਘਰ ਵਾਂਗ ਜਾਪਦਾ ਹੈ। ਆਪਣਾ ਪਿੰਡ ਨੂੰ ਨਮੂਨੇ ਦਾ ਬਣਾਉਣ ਲਈ ਉਹ ਕੋਈ ਕਸਰ ਬਾਕੀ ਨਹੀਂ ਛੱਡੇਗਾ।
ਰਾਜਨੀਤੀ ਤੋਂ ਅਨਾੜੀ ਅਤੇ ਆਪਣੇ ਕਾਰੋਬਾਰ ਵਿੱਚ ਮਸਤ ਰਹਿਣ ਵਾਲੇ ਸ਼ਹਿਰ ਮਾਨਸਾ ਦੇ ਸਮਾਜ ਸੇਵੀ ਅਤੇ ਮਾਨਸਾ ਤੋਂ ਅਕਾਲੀ ਦਲ ਦੇ ਨੁਮਾਇੰਦੇ ਪ੍ਰੇਮ ਕੁਮਾਰ ਅਰੋੜਾ ਦਾ ਵੀ ਅਕਾਲੀ ਰਾਜਨੀਤੀ ਵਿੱਚ ਨਾਮ ਸਿਖਰਾਂ ਤੇ ਨਜਰ ਆਉਂਦਾ ਹੈ। ਉਸ ਨੇ ਅਕਾਲੀ ਦਲ ਵਿੱਚ ਸੇਵਾ ਕਰਕੇ ਕਦੇ ਵੀ ਕੁਝ ਨਹੀਂ ਮੰਗਿਆ। ਪਰ ਸੂਤਰਾਂ ਮੁਤਾਬਕ ਪਾਰਟੀ ਨੇ ਉਨ੍ਹਾਂ ਨੂੰ ਕਈ ਅਹੁਦਿਆਂ ਦੀ ਪੇਸ਼ਕਸ਼ ਕੀਤੀ। ਪਰ ਉਸ ਨੇ ਇੱਕਾ-ਦੁੱਕਾ ਅਹੁਦਿਆਂ ਨੂੰ ਸਵਿਕਾਰ ਕਰਨ ਤੋਂ ਇਲਾਵਾ ਅਕਾਲੀ ਦਲ ਵਿੱਚ ਕੰਮ ਕਰਦੇ ਹੋਏ ਆਪਣਾ ਕੱਦ ਬਾਦਲਾਂ ਵਿੱਚ ਵੱਡਾ ਕੀਤਾ ਹੈ। ਉਹ ਦੇਖਣ ਪੱਖੋਂ ਛੋਟੇ ਅਤੇ ਅਕਾਲੀ ਰਾਜਨੀਤੀ ਦੇ ਵੱਡੇ ਨੇਤਾ ਹਨ। ਪ੍ਰੇਮ ਕੁਮਾਰ ਅਰੋੜਾ ਦਾ ਕਹਿਣਾ ਹੈ ਕਿ ਉਹ ਆਪਣੇ ਕਾਰੋਬਾਰ ਵਿੱਚ ਮਸਤ ਹਨ। ਜੇਕਰ ਪਾਰਟੀ ਅਤੇ ਲੋਕ ਉਨ੍ਹਾਂ ਨੂੰ ਆਪਣਾ ਸੇਵਾਦਾਰ ਬਣਾਉਣਾ ਚਾਹੁੰਦੇ ਹਨ ਤਾਂ ਉਹ ਇਸ ਨੂੰ ਆਪਣਾ ਸੁਭਾਗ ਸਮਝਣਗੇ। ਪ੍ਰੇਮ ਅਰੋੜਾ ਅਕਾਲੀ ਦਲ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਨਜਦੀਕੀਆਂ ਵਿੱਚੋਂ ਇੱਕ ਹਨ। ਜਿਨ੍ਹਾਂ ਦੀ ਮਾਨਸਾ ਫੇਰੀ ਵਿੱਚ ਪ੍ਰੇਮ ਕੁਮਾਰ ਅਰੋੜਾ ਦੀ ਸਮੂਲੀਅਤ ਆਪਣੇ ਨਾਲ ਲਾਜਮੀ ਹੁੰਦੀ ਹੈ।

LEAVE A REPLY

Please enter your comment!
Please enter your name here