ਮਾਨਸਾ, 01 ਜੂਨ:(ਸਾਰਾ ਯਹਾਂ/ਮੁੱਖ ਸੰਪਾਦਕ)
ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਮਾਨਸਾ ਜ਼ਿਲੇ੍ਹ ਦੇ ਵਿਧਾਨ ਸਭਾ ਹਲਕਿਆਂ 96-ਮਾਨਸਾ, 97-ਸਰਦੂਲਗੜ੍ਹ ਅਤੇ 98-ਬੁਢਲਾਡਾ ਵਿੱਚ ਚੋਣ ਪ੍ਰਕਿਰਿਆ ਵੋਟਰਾਂ ਦੇ ਸਹਿਯੋਗ ਸਦਕਾ ਸ਼ਾਂਤੀਪੂਰਵਕ ਢੰਗ ਨਾਲ ਮੁਕੰਮਲ ਹੋਈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦਿੱਤੀ।
ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਜ਼ਿਲ੍ਹੇ ਵਿੱਚ ਸ਼ਾਮ 05 ਵਜੇ ਤੱਕ ਵੋਟਾਂ ਪਾਉਣ ਦੀ ਪ੍ਰਤੀਸ਼ਤਤਾ 63.95 ਫ਼ੀਸਦੀ ਰਹੀ ਹੈ। ਉਨਾਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 96-ਮਾਨਸਾ ਵਿੱਚ 60.3 ਫ਼ੀਸਦੀ, 97-ਸਰਦੂਲਗੜ੍ਹ ਵਿੱਚ 65.3 ਫ਼ੀਸਦੀ ਅਤੇ 98-ਬੁਢਲਾਡਾ ਵਿੱਚ 66.3 ਫ਼ੀਸਦੀ ਵੋਟਾਂ ਸ਼ਾਮ 05 ਵਜੇ ਤੱਕ ਪਈਆਂ। ਉਨਾਂ ਦੱਸਿਆ ਕਿ ਅੱਜ ਦੀ ਪੋਲਿੰਗ ਦੌਰਾਨ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ 18 ਸਾਲ ਦੇ ਨੌਜਵਾਨਾਂ ਤੋਂ ਇਲਾਵਾ ਬਜ਼ੁਰਗ ਅਤੇ ਦਿਵਿਯਾਂਗ ਵੋਟਰਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਅੱਜ ਪਈਆਂ ਵੋਟਾਂ ਦੀ ਗਿਣਤੀ ਦੇ ਨਤੀਜੇ ਆਉਣ ਵਾਲੀ 04 ਜੂਨ, 2024 ਨੂੰ ਆਉਣਗੇ। ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਕਿਹਾ ਕਿ ਜ਼ਿਲੇ੍ਹ ਵਿੱਚ ਕਿਸੇ ਵੀ ਥਾਂ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੀ ਕਰੜੀ ਨਿਗਰਾਨੀ ਹੇਠ ਵੋਟਾਂ ਦਾ ਕੰਮ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ ਹੈ। ਇਸ ਸਮੁੱਚੀ ਵੋਟਿੰਗ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਪਰਮਵੀਰ ਸਿੰਘ ਅਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਵੋਟਰਾਂ, ਰਾਜਸੀ ਪਾਰਟੀਆਂ, ਅਧਿਕਾਰੀਆਂ/ਮੁਲਾਜ਼ਮਾਂ, ਪੁਲਿਸ ਤੇ ਅਰਧ ਸੈਨਿਕ ਬਲਾਂ ਦਾ ਧੰਨਵਾਦ ਕੀਤਾ।