
ਮਾਨਸਾ, 12 ਮਾਰਚ (ਸਾਰਾ ਯਹਾਂ/ ਮੁੱਖ ਸੰਪਾਦਕ) : ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਅਤੇ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਸਿੱਖਿਆ ਮੰਤਰੀ ਸ੍ਰ. ਹਰਜੋਤ ਸਿੰਘ ਬੈਂਸ ਵੱਲੋਂ ਸਕੂਲ ਸਿੱਖਿਆ ਪ੍ਰਤੀ ਲੋਕਾਂ ਦਾ ਵਿਸ਼ਵਾਸ ਬਹਾਲ ਕਰਕੇ ਉੱਚ ਪੱਧਰੀ ਸਿੱਖਿਆ ਦੇਣ ਦੇ ਸੱਦੇ ਨੂੰ ਕਬੂਲਦਿਆਂ ਜ਼ਿਲਾ ਮਾਨਸਾ ਦੇ ਮਾਪਿਆਂ ਨੇ ਮਿਸਾਲੀ ਹੁੰਗਾਰਾ ਦਿੱਤਾਹੈ।
ਭੁਪਿੰਦਰ ਕੌਰ ਚੇਅਰਪਰਸਨ ਜ਼ਿਲ੍ਹਾ ਦਾਖ਼ਲਾ ਕਮੇਟੀ ਮਾਨਸਾ-ਕਮ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਮਾਨਸਾ ਅਤੇ ਹਰਿੰਦਰ ਸਿੰਘ ਭੁੱਲਰ ਵਾਈਸ ਚੇਅਰਪਰਸਨ ਜ਼ਿਲ੍ਹਾ ਦਾਖ਼ਲਾ ਕਮੇਟੀ ਮਾਨਸਾ-ਕਮ- ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਕੱਲ ਇੱਕੋ ਦਿਨ ਵਿੱਚ ਜ਼ਿਲ੍ਹੇ ਦੇ ਸਕੂਲਾਂ ਵਿੱਚ 2663 ਨਵੇਂ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਨੇ ਇੱਕ ਦਿਨ ਵਿੱਚ ਇੱਕ ਲੱਖ ਨਵੇਂ ਦਾਖ਼ਲੇ ਕਰਨ ਦਾ ਟੀਚਾ ਮਿਥਿਆ ਗਿਆ ਸੀ ,ਜਿਸ ਤਹਿਤ ਹਰੇਕ ਅਧਿਆਪਕ, ਨਾਨ ਟੀਚਿੰਗ ਸਟਾਫ਼ ਅਤੇ ਮਿਡ-ਡੇ-ਮੀਲ ਵਰਕਰ ਨੇ ਘੱਟੋ-ਘੱਟ ਇੱਕ-ਇੱਕ ਨਵਾਂ ਵਿਦਿਆਰਥੀ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣਾ ਸੀ।
ਉਨ੍ਹਾਂ ਦੱਸਿਆ ਕਿ ਵਿਭਾਗੀ ਟੀਚੇ ਅਨੁਸਾਰ ਜ਼ਿਲੇ ਵਿੱਚ 3267 ਨਵੇਂ ਵਿਦਿਆਰਥੀ ਦਾਖ਼ਲ ਕਰਨੇ ਸਨ ਪਰ ਸਮੁੱਚੇ ਅਧਿਆਪਕਾਂ ਦੀ ਮਿਹਨਤ ਸਦਕਾ ਇਹ ਅੰਕੜਾ 2663 ਤੱਕ ਪਹੁੰਚ ਗਿਆ। ਉਹਨਾਂ ਦੱਸਿਆ ਕਿ ਜ਼ਿਲੇ ਦੇ ਸਾਰੇ ਅਧਿਆਪਕ ਵਰਗ ਵਿੱਚ ਬੇਹੱਦ ਉਤਸ਼ਾਹ ਦੇਖਣ ਨੂੰ ਮਿਲਿਆ। ਵੱਖ-ਵੱਖ ਜ਼ਿਲ੍ਹਾ ਟੀਮਾਂ ਸਮੇਤ ਬਹੁਤ ਸਾਰੇ ਅਧਿਆਪਕਾਂ ਨੇ ਤਾਂ ਸਵੇਰੇ 8 ਵਜੇ ਤੋਂ ਦੇਰ ਰਾਤ ਤੱਕ ਗਲੀ-ਮੁਹੱਲਿਆਂ ਅਤੇ ਸਲੱਮ ਏਰੀਏ ਤੱਕ ਪਹੁੰਚ ਕਰਕੇ ਦਾਖ਼ਲੇ ਕੀਤੇ। ਪ੍ਰਾਪਤ ਵੇਰਵਿਆਂ ਅਨੁਸਾਰ ਮਾਨਸਾ ਜ਼ਿਲ੍ਹੇ ਵਿੱਚ ਕੱਲ੍ਹ ਇੱਕੋ ਦਿਨ ਵਿੱਚ ਐੱਲ.ਕੇ.ਜੀ. ਅਤੇ ਯੂ.ਕੇ.ਜੀ. ਜਮਾਤ ਵਿੱਚ 1492, ਪਹਿਲੀ ਤੋਂ ਪੰਜਵੀਂ ਜਮਾਤ ਵਿੱਚ 624, ਛੇਵੀਂ ਤੋਂ ਅੱਠਵੀਂ ਜਮਾਤ ਵਿੱਚ 290, ਨੌਂਵੀਂ ਤੋਂ ਦਸਵੀਂ ਜਮਾਤ ਵਿੱਚ 158, ਅਤੇ ਗਿਆਰ੍ਹਵੀਂ ਤੋਂ ਬਾਰ੍ਹਵੀਂ ਜਮਾਤ ਵਿੱਚ 99 ਵਿਦਿਆਰਥੀਆਂ ਨੇ ਨਵੇਂ ਦਾਖਲੇ ਹੋਏ।
ਸੈਕੰਡਰੀ ਤੇ ਐਲੀਮੈਂਟਰੀ ਦੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ.ਵਿਜੈ ਕੁਮਾਰ ਮਿੱਢਾ ਅਤੇ ਗੁਰਲਾਭ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪੰਜ ਵਿੱਦਿਅਕ ਬਲਾਕਾਂ ਵਿੱਚ ਦਾਖ਼ਲਿਆਂ ਨੂੰ ਲੈ ਕੇ ਤਿਓਹਾਰ ਵਰਗਾ ਮਾਹੌਲ ਬਣਿਆ ਰਿਹਾ। ਬਲਾਕ ਮਾਨਸਾ ਨੇ ਰਿਕਾਰਡ ਕਾਇਮ ਕਰਦਿਆਂ 687 ਦਾਖ਼ਲੇ ਕਰਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ,ਭੰਮੇ ਕਲਾਂ ਦੇ ਇੰਚਾਰਜ ਪ੍ਰਿੰਸੀਪਲ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ 24 ਨਵੇਂ ਦਾਖ਼ਲੇ ਹੋਏ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁਸਲਾ ਦੇ ਇੰਚਾਰਜ ਪ੍ਰਿੰਸੀਪਲ ਦਰਸ਼ਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ 24 ਨਵੇਂ ਦਾਖ਼ਲੇ ਹੋਏ ਹਨ।ਸਰਕਾਰੀ ਪ੍ਰਾਇਮਰੀ ਸਕੂਲ ਧਰਮਪੁਰਾ ਦੇ ਮੁੱਖ ਅਧਿਆਪਕ ਜਸਨਦੀਪ ਸਿੰਘ ਦੇ ਦੱਸਣ ਮੁਤਾਬਿਕ ਉਨ੍ਹਾਂ ਦੇ ਸਕੂਲ ਵਿੱਚ 46 ਨਵੇਂ ਦਾਖ਼ਲੇ ਹੋਏ ਹਨ।ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਕੈਚੀਆਂ ਅਤੇ ਮਾਨਸਾ ਬੱਸ ਸਟੈਂਡ ਦੇ ਮੁੱਖ ਅਧਿਆਪਕ ਪਰਮਜੀਤ ਕੌਰ ਅਤੇ ਸੁਰੀਤਾ ਰਾਣੀ ਸਮੇਤ ਹੋਰ ਬਹੁਤ ਸਾਰੇ ਅਧਿਆਪਕਾਂ ਨੇ ਇੱਟਾਂ ਦੇ ਭੱਠਿਆਂ ਅਤੇ ਉਦਯੋਗਿਕ ਅਦਾਰਿਆਂ ਤੱਕ ਪਹੁੰਚ ਕਰਕੇ ਸਰਕਾਰੀ ਸਕੂਲਾਂ ਵਿੱਚ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦੇ ਕੇ ਦਾਖ਼ਲਿਆਂ ਸਬੰਧੀ ਪ੍ਰੇਰਿਤ ਵੀ ਕੀਤਾ।
ਅਮਨਦੀਪ ਸ਼ਰਮਾ ਅਹਿਮਦਪੁਰ ਅਨੁਸਾਰ ਸਿੱਖਿਆ ਵਿਭਾਗ ਦੇ ਇਸ ਨਿਵੇਕਲੇ ਉਪਰਾਲੇ ਸਦਕਾ ਬਹੁਤ ਸਾਰਥਕ ਨਤੀਜੇ ਮਿਲਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਦਾਖ਼ਲਾ ਮੁਹਿੰਮ ਨੂੰ ਹੋਰ ਅਸਰਦਾਰ ਬਣਾਉਣ ਵਾਸਤੇ ਸਿੱਖਿਆ ਵਿਭਾਗ ਵੱਲੋਂ 31 ਮਾਰਚ ਤੱਕ ਪੰਜਾਬ ਦੇ ਹਰੇਕ ਸਰਕਾਰੀ ਸਕੂਲ ਦੇ ਬਾਹਰ ਮੇਨ ਗੇਟ ਤੇ ਦਾਖ਼ਲਾ ਬੂਥ ਲਾਉਣ ਬਾਰੇ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ, ਜਿੱਥੇ ਸਕੂਲ ਖੁੱਲ੍ਹਣ ਦੇ ਸਮੇਂ ਤੋਂ ਲੈ ਕੇ ਸਾਰੀ ਛੁੱਟੀ ਹੋਣ ਤੱਕ ਟੀਚਿੰਗ/ਨਾਨ ਟੀਚਿੰਗ ਸਟਾਫ਼ ਰੋਜ਼ਾਨਾ ਡਿਊਟੀ ‘ਤੇ ਬੈਠੇਗਾ ਅਤੇ ਰਜਿਸਟਰ ਤੇ ਦਾਖਲਿਆਂ ਸਬੰਧੀ ਰਜਿਸਟਰੇਸ਼ਨ ਕਰੇਗਾ।
ਇਸ ਇੱਕ ਰੋਜ਼ਾ ਦਾਖ਼ਲਾ ਮਹਾਂ-ਅਭਿਆਨ ਵਿੱਚ ਅਮਨਦੀਪ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਾਨਸਾ,ਲਖਵਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਰਦੂਲਗੜ੍ਹ, ਪ੍ਰਿੰਸੀਪਲ ਡਾ.ਪਰਮਜੀਤ ਸਿੰਘ ਭੋਗਲ ਜ਼ਿਲ੍ਹਾ ਸਕੂਲ ਮੁੱਲਾਂਕਣ ਅਤੇ ਸਮਰਥਨ ਮਾਨਸਾ, ਪ੍ਰਿੰਸੀਪਲ ਮੁਕੇਸ਼ ਕੁਮਾਰ ਬਲਾਕ ਨੋਡਲ ਅਫ਼ਸਰ ਬੁਢਲਾਡਾ, ਪ੍ਰਿੰਸੀਪਲ ਪ੍ਰਭਜੀਤ ਕੌਰ ਸਰਦੂਲਗੜ੍ਹ, ਪ੍ਰਿੰਸੀਪਲ ਅਵਤਾਰ ਸਿੰਘ ਮਾਨਸਾ,ਹਰਸ਼ਦੇਵ ਝੁਨੀਰ,ਗੁਰਮੀਤ ਸਿੰਘ ਬਰੇਟਾ ,ਗੁਰਨੈਬ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਅੰਗਰੇਜ਼ ਸਿੰਘ ਬੀ.ਐੱਮ.ਟੀ. ,ਹੀਰਾ ਲਾਲ ਬੀ.ਐੱਮ.ਟੀ.,ਵਰਿੰਦਰ ਕੁਮਾਰ ਐੱਮ.ਆਈ.ਐੱਸ ਕੋਆਰਡੀਨੇਟਰ, ਬਲਵਿੰਦਰ ਸਿੰਘ ਬੁਢਲਾਡਾ,ਗਗਨਦੀਪ ਕੁਮਾਰ,ਜਸਵਿੰਦਰ ਸਿੰਘ ਬੀ.ਐੱਮ.ਟੀ., ਹਰਮੀਤ ਸਿੰਘ ਬੀ.ਐੱਮ.ਟੀ.,ਕਸ਼ਮੀਰ ਸਿੰਘ ਔਲਖ ਬੀ.ਐੱਮ.ਟੀ.ਅਤੇ ਸਮੂਹ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ, ਸਮੂਹ ਬੀ.ਐੱਮ.ਟੀ ਅਤੇ ਸਮੂਹ ਸਕੂਲ ਮੁਖੀ ਸਾਹਿਬਾਨ ਸ਼ਾਮਲ ਹੋਏ।
