
ਮਾਨਸਾ 28, ਮਈ(ਸਾਰਾ ਯਹਾਂ/ਗੋਪਾਲ ਅਕਲੀਆ) : ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲਿਆ ਵਿੱਚ 48 ਸਾਲਾ ਬਲਵਿੰਦਰ ਸਿੰਘ ਕਰਜ਼ ਕਰਕੇ ਖੁਦ ਦੀ ਜਿੰਦਗੀ ਖ਼ਤਮ ਕਰ ਲਈ। ਹਾਸਲ ਜਾਣਕਾਰੀ ਮੁਤਾਬਕ ਕਿਸਾਨ 7 ਏਕੜ ਜ਼ਮੀਨ ਦਾ ਮਾਲਕ ਸੀ, ਜਿਸਨੇ ਕਰਜ਼ਾ ਚੁਕਾਉਣ ਲਈ 5 ਏਕੜ ਜ਼ਮੀਨ ਵੇਚੀ ਸੀ। ਪਰ ਕਰਜ਼ੇ ਨੇ ਉਸ ਦਾ ਪਿੱਛਾ ਨਹੀਂ ਛੱਡਿਆ। ਉਸ ਵਲੋਂ ਜ਼ਮੀਨ ਵੇਚਣ ਦੇ ਬਾਵਜੂਦ ਵੀ 7 ਲੱਖ ਰੁਪਏ ਦਾ ਕਰਜ਼ਾ ਉਸ ਸਿਰ ਰਹਿ ਗਿਆ। ਜਿਸ ਮਗਰੋਂ ਉਸਨੇ ਜ਼ਹਿਰੀਲੀ ਚੀਜ਼ਾਂ ਖਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ।
ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬਲਵਿੰਦਰ ਇੱਕ ਮਿਹਨਤੀ ਕਿਸਾਨ ਸੀ ਪਰ ਕਰਜ਼ੇ ਨੇ ਉਸ ਦੀ ਜਾਨ ਲੈ ਲਈ। ਹਾਲਾਂਕਿ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨੇ ਸੀ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਕਰਜ਼ੇ ਕਾਰਨ ਕਿਸਾਨ ਹਰ ਰੋਜ਼ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਪੀੜਤ ਪਰਿਵਾਰ ਲਈ ਵਿੱਤੀ ਮਦਦ ਅਤੇ ਉਨ੍ਹਾਂ ਦਾ ਸਾਰਾ ਕਰਜ਼ਾ ਮੁਆਫ ਕਰਨਾ ਦੀ ਅਪੀਲ ਕੀਤੀ ਹੈ।
ਦੂਜੇ ਪਾਸੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਦੀ ਪਤਨੀ ਸ਼ਿੰਦਰ ਕੌਰ ਦੇ ਬਿਆਨਾਂ ‘ਤੇ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।
