ਮਾਨਸਾ 27,ਸਤੰਬਰ (ਸਾਰਾ ਯਹਾਂ/ਬਿਊਰੋ ਰਿਪੋਰਟ ) ਮਾਲਵਾ ਖੇਤਰ ਵਿੱਚ ਨਰਮੇ ਦੀ ਫ਼ਸਲ ‘ਤੇ ਗੁਲਾਬੀ ਸੁੰਡੀ ਦੇ ਹੋਏ ਹਮਲੇ ਕਾਰਨ ਕਿਸਾਨ ਨਿੱਤ ਦਿਨ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਆਪਣੀ ਖ਼ਰਾਬ ਹੋ ਚੁੱਕੀ ਨਰਮੇ ਦੀ ਫਸਲ ਨੂੰ ਦੇਖ ਕੇ ਚਿੰਤਾ ‘ਚ ਡੁੱਬੇ ਹੋਏ ਹਨ। ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਦਾ ਸਾਹਮਣੇ ਆਇਆ ਜਿਥੇ ਨੌਜਵਾਨ ਕਿਸਾਨ ਵੱਲੋਂ ਆਪਣੇ ਨਰਮੇ ਦੀ ਖ਼ਰਾਬ ਹੋ ਚੁੱਕੀ ਫਸਲ ਨੂੰ ਦੇਖ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕਿਸਾਨ ਦੋ ਕਨਾਲ ਜ਼ਮੀਨ ਦਾ ਮਾਲਕ ਸੀ ਜਦਕਿ ਅੱਠ ਏਕੜ ਜ਼ਮੀਨ ਠੇਕੇ ‘ਤੇ ਲੈ ਕੇ ਨਰਮੇ ਦੀ ਫਸਲ ਦੀ ਬਿਜਾਈ ਕੀਤੀ ਗਈ ਸੀ। ਪਰ ਨਰਮੇ ਦੀ ਫਸਲ ਖ਼ਰਾਬ ਹੋ ਗਈ ਜਿਸ ਕਾਰਨ ਕਿਸਾਨ ਨੇ ਮੌਤ ਨੂੰ ਗਲੇ ਲਗਾ ਲਿਆ।
ਪੁਲਿਸ ਵੱਲੋਂ 174 ਦੀ ਕਾਰਵਾਈ ਕਰ ਲਾਸ਼ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਕਿਸਾਨ ਰਜਿੰਦਰ ਸਿੰਘ ਦੇ ਪਿਤਾ ਨਾਹਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਦੋ ਕਨਾਲ ਜ਼ਮੀਨ ਹੈ ਜਦਕਿ ਅੱਠ ਏਕੜ ਜ਼ਮੀਨ ਉਨ੍ਹਾਂ ਨੇ ਠੇਕੇ ‘ਤੇ ਲੈ ਕੇ ਨਰਮੇ ਦੀ ਬਿਜਾਈ ਕੀਤੀ ਸੀ ਜੋਕਿ 55 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ ‘ਤੇ ਜ਼ਮੀਨ ਲਈ ਗਈ ਸੀ। ਪਰ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਪੈਣ ਕਾਰਨ ਉਨ੍ਹਾਂ ਦੇ ਛੋਟੇ ਬੇਟੇ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸਿਰ ਆੜ੍ਹਤੀਏ ਦਾ ਅੱਠ ਲੱਖ ਰੁਪਏ ਕਰਜ਼ਾ ਹੈ ਜਦਕਿ ਬੈਂਕ ਦਾ ਕੋਈ ਵੀ ਉਨ੍ਹਾਂ ਨੇ ਕਰਜ਼ ਨਹੀਂ ਦੇਣਾ।
ਪਿੰਡ ਖਿਆਲਾ ਕਲਾਂ ਦੇ ਪੰਚ ਜਗਸੀਰ ਸਿੰਘ ਅਤੇ ਸਰਦੂਲ ਸਿੰਘ ਨੇ ਦੱਸਿਆ ਕਿ ਰਾਜਿੰਦਰ ਸਿੰਘ 27 ਸਾਲਾ ਨੌਜਵਾਨ ਸੀ ਅਤੇ ਇਹ ਦੋ ਭਰਾ ਹਨ ਤੇ ਦੋ ਕਨਾਲ ਇਨ੍ਹਾਂ ਕੋਲ ਜ਼ਮੀਨ ਹੈ ਜਦਕਿ ਅੱਠ ਏਕੜ ਜ਼ਮੀਨ ਇਨ੍ਹਾਂ ਨੇ ਠੇਕੇ ‘ਤੇ ਲੈ ਕੇ ਨਰਮੇ ਦੀ ਬਿਜਾਈ ਕੀਤੀ ਸੀ ਅਤੇ ਹੁਣ ਨਰਮੇ ਦੀ ਫਸਲ ‘ਤੇ ਗੁਲਾਬੀ ਸੁੰਡੀ ਪੈਣ ਕਾਰਨ ਰਾਜਿੰਦਰ ਸਿੰਘ ਪਰੇਸ਼ਾਨ ਰਹਿ ਰਿਹਾ ਸੀ। ਇਸ ਨੇ ਬੀਤੇ ਕੱਲ ਆਪਣੇ ਨਰਮੇ ਦੀ ਫਸਲ ‘ਤੇ ਕੀਟਨਾਸ਼ਕ ਦਵਾਈ ਛਿੜਕਣ ਤੋਂ ਬਾਅਦ ਸ਼ਾਮ ਨੂੰ ਖ਼ੁਦ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ।
ਉਨ੍ਹਾਂ ਪੰਜਾਬ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਦੇ ਲਈ ਮੁਆਵਜ਼ੇ ਦੀ ਮੰਗ ਕੀਤੀ ਅਤੇ ਉਥੇ ਘਟੀਆ ਬੀਜ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੀ ਜਾਂਚ ਕਰਕੇ ਉਨ੍ਹਾਂ ‘ਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਾਂਚ ਅਧਿਕਾਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਪਿੰਡ ਖਿਆਲਾ ਕਲਾਂ ਦੇ ਨੌਜਵਾਨਾਂ ਰਜਿੰਦਰ ਸਿਘ ਨੇ ਖੁਦਕੁਸ਼ੀ ਕਰ ਲਈ ਹੈ ਜਿਸ ਦੀ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਅਤੇ ਉਨ੍ਹਾਂ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਨਾਹਰ ਸਿੰਘ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਅਮਲ ‘ਚ ਲਿਆਂਦੀ ਹੈ।