ਮਾਨਸਾ, 17 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ ):
ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੇ ਵਸਨੀਕਾਂ ਨੂੰ ਬੇਸਹਾਰਾ ਪਸ਼ੂਆਂ ਤੋਂ ਨਿਜ਼ਾਤ ਦਿਵਾਉਣ ਅਤੇ ਇਨ੍ਹਾਂ ਬੇਸਹਾਰਾ ਪਸ਼ੂਆਂ ਦੀ ਸੁਚੱਜੀ ਸਾਂਭ-ਸੰਭਾਲ ਲਈ ਐਨ.ਜੀ.ਓਜ਼ ਦੇ ਸਹਿਯੋਗ ਨਾਲ ਇਨ੍ਹਾਂ ਨੂੰ ਗਊਸ਼ਾਲਾਵਾਂ ’ਚ ਪਹੁੰਚਾਉਣ ਲਈ ਤੇਜ਼ੀ ਨਾਲ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਆਪਣੇ-ਆਪਣੇ ਅਧਿਕਾਰ ਖੇਤਰ ਵਿੱਚ ਬੇਸਹਾਰਾ ਪਸ਼ੂਆਂ ਨੂੰ ਸੜਕਾਂ ਤੋਂ ਚੁੱਕ ਕੇ ਗਊਸ਼ਾਲਾਵਾਂ ਵਿੱਚ ਪਹੁੰਚਾਉਣ। ਉਨ੍ਹਾਂ ਦੱਸਿਆ ਕਿ ਕਾਰਜਸਾਧਕ ਅਫ਼ਸਰ ਮਾਨਸਾ ਬਿਪਨ ਕੁਮਾਰ ਦੀ ਅਗਵਾਈ ਹੇਠ ਨਗਰ ਕੌਂਸਲ ਮਾਨਸਾ ਵੱਲੋਂ 57 ਬੇਸਹਾਰਾ ਪਸ਼ੂਆਂ ਨੂੰ ਸਰਕਾਰੀ ਗਊਸ਼ਾਲਾ ਖੋਖਰ ਕਲਾਂ ਵਿਖੇ ਪਹੁੰਚਾਇਆ ਗਿਆ। ਇਸੇ ਤਰ੍ਹਾਂ ਕਾਰਜਸਾਧਕ ਅਫ਼ਸਰ ਭੀਖੀ ਅਸ਼ੀਸ਼ ਕੁਮਾਰ ਦੀ ਅਗਵਾਈ ਵਿਚ ਨਗਰ ਪੰਚਾਇਤ ਭੀਖੀ ਵੱਲੋਂ ਕਰੀਬ 50 ਬੇਸਹਾਰਾ ਪਸ਼ੂਆਂ ਨੂੰ ਸਰਕਾਰੀ ਗਊਸ਼ਾਲਾ ਖੋਖਰ ਕਲਾਂ ਵਿਖੇ ਭੇਜਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਪਸ਼ੂਆਂ ਨੂੰ ਸੜਕਾਂ ਤੋਂ ਗਊਸ਼ਾਲਾਵਾਂ ਵਿੱਚ ਭੇਜਣ ਨਾਲ ਜਿੱਥੇ ਸੜਕੀ ਦੁਰਘਟਨਾਵਾਂ ਨੂੰ ਠੱਲ੍ਹ ਪਵੇਗੀ, ਉੱਥੇ ਇਨ੍ਹਾਂ ਪਸ਼ੂਆਂ ਦੀ ਵੀ ਸਹੀ ਦੇਖ-ਭਾਲ ਹੋ ਸਕੇਗੀ।