
ਮਾਨਸਾ, 28 ਜੁਲਾਈ (ਸਾਰਾ ਯਹਾਂ/ ਬੀਰਬਲ ਧਾਲੀਵਾਲ ): 28 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਮਾਤਾ ਚਿੰਤਪੁਰਨੀ ਮੇਲੇ ਨੂੰ ਲੈ ਕੇ ਜ਼ਿਲ੍ਹਾ ਮਾਨਸਾ ਤੋ ਮੇਲੇ ’ਚ ਜਾਣ ਵਾਲੇ ਸ਼ਰਧਾਲੂਆਂ ਨੂੰ ਜਿਲ੍ਹਾ ਪ੍ਰਸਾਸ਼ਨ ਵੱਲੋ ਭਾਰ ਢੋਹਣ ਵਾਲੇ ਵਾਹਨਾਂ (ਟਰੱਕ, ਟੈਂਪੂ, ਟਾਟਾ ਏਸ ਆਦਿ) ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ।
ਹਦਾਇਤ ਅਨੁਸਾਰ ਇਸ ਮੇਲੇ ਵਿਚ ਭਾਰੀ ਤਾਦਾਤ ਵਿਚ ਸੰਗਤਾਂ ਮੱਥਾ ਟੇਕਣ ਲਈ ਜਾਂਦੀਆਂ ਹਨ। ਮੇਲੇ ਵਿਚ ਜਾਣ ਵਾਲੇ ਵੱਡੇ ਕਮਰਸ਼ੀਅਲ ਭਾਰ ਢੋਣ ਵਾਲੇ ਵਹੀਕਲ ਜਿਵੇਂ ਕਿ ਟਰੱਕ, ਟੈਂਪੂ, ਟਾਟਾ, ਏਸ ਆਦਿ ਕਮਰਸ਼ੀਅਲ ਵਾਹਨਾਂ ’ਤੇ ਸ਼ਰਧਾਲੂਆਂ ਨੂੰ ਫੱਟੇ ਆਦਿ ਲਗਾ ਕੇ ਬਿਠਾਇਆ ਜਾਂਦਾ ਹੈ, ਜਿਸ ਨਾਲ ਜਿੱਥੇ ਕਾਨੂੰਨ ਦੀ ਉਲੰਘਣਾ ਹੁੰਦੀ ਹੈ, ਉਥੇ ਕਿਸੇ ਗੰਭੀਰ ਹਾਦਸੇ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ।
ਇਸ ਸਬੰਧੀ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਵੱਲੋਂ ਵੀ ਬੇਨਤੀ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਵੀ ਇਸ ਬਾਬਤ ਕਾਫ਼ੀ ਮੁਸ਼ਕਿਲ ਪੇਸ਼ ਆਉਂਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਸ਼ਰਧਾਲੂ ਮਾਤਾ ਚਿੰਤਪੁਰਨੀ ਮੇਲੇ ਵਿੱਚ ਜਾਣ ਦੌਰਾਨ ਕਮਰਸ਼ੀਅਲ ਵਾਹਨਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ।
