ਬੁਢਲਾਡਾ 20 ਫਰਵਰੀ (ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜ਼ਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਹੋਰ ਅਨੇਕਾਂ ਸਮਾਜ ਭਲਾਈ ਕਾਰਜਾਂ ਨਾਲ ਲੋੜਵੰਦ ਪੜ੍ਹਾਈ ਕਰਨ ਵਾਲੇ ਬੱਚਿਆਂ ਦੀਆਂ ਫ਼ੀਸਾਂ ਵੀ ਭਰੀਆਂ ਜਾਂਦੀਆਂ ਹਨ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਦਸੰਬਰ ਮਹੀਨੇ ਵਿੱਚ ਗੁਰੂ ਨਾਨਕ ਕਾਲਜ, ਕ੍ਰਿਸ਼ਨਾ ਕਾਲਜ ਅਤੇ ਬਰੇਟਾ ਕਾਲਜ ਵਿੱਚ ਲੱਖ ਰੁਪਏ ਤੋਂ ਵੱਧ ਦੀ ਫ਼ੀਸ ਭਰੀ ਗਈ ਸੀ। ਕੁਝ ਨਵੀਆਂ ਅਰਜ਼ੀਆਂ ਆਈਆਂ ਸਨ। ਪੂਰੀ ਪੜਤਾਲ ਕਰਨ ਉਪਰੰਤ ਪਿਛਲੇ ਦਿਨੀਂ ਸੋਮਵਾਰ ਚਾਰ ਹੋਰ ਲੋੜਵੰਦ ਬੱਚਿਆਂ ਦੀ ਫ਼ੀਸ 25500 ਰੁਪਏ ਗੁਰੂ ਨਾਨਕ ਕਾਲਜ ਵਿੱਚ ਅਤੇ ਇੱਕ ਬੱਚੇ ਦੀ ਫ਼ੀਸ 5000 ਰੁਪਏ ਆਦਰਸ਼ ਸਕੂਲ ਵਿੱਚ ਭਰੀ ਗਈ ਹੈ ਤਾਂ ਜੋ ਇਹ ਆਪਣੀ ਪੜ੍ਹਾਈ ਪੂਰੀ ਕਰ ਕੇ ਆਪਣੇ ਪੈਰਾਂ ਤੇ ਖੜੇ ਹੋ ਸਕਣ। ਵਾਹਿਗੁਰੂ ਜੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਕੁਲਵਿੰਦਰ ਸਿੰਘ ਅਤੇ ਬਲਬੀਰ ਸਿੰਘ ਕੈਂਥ ਨੇ ਦੱਸਿਆ ਕਿ ਸੰਸਥਾ ਪਿਛਲੇ ਕਈ ਸਾਲਾਂ ਤੋਂ ਇਹ ਫ਼ੀਸ ਭਰ ਰਹੀ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਦਸਵੀਂ ਅਤੇ ਬਾਰਵੀਂ ਦੇ ਅਨੇਕਾਂ ਬੱਚਿਆਂ ਦੀ ਪ੍ਰੀਖਿਆ ਦਾਖ਼ਲਾ ਫ਼ੀਸ ਵੀ ਭਰੀ ਗਈ ਸੀ। ਸੰਸਥਾ ਵਲੋਂ 8 ਮਾਰਚ ਨੂੰ 13 ਬੱਚੀਆਂ ਦੇ ਵਿਆਹ ਵੀ ਕੀਤੇ ਜਾ ਰਹੇ ਹਨ। ਫ਼ੀਸ ਭਰਨ ਮੌਕੇ ਉਪਰੋਕਤ ਤੋਂ ਇਲਾਵਾ ਇੰਦਰਜੀਤ ਸਿੰਘ , ਅਮਨਪ੍ਰੀਤ ਸਿੰਘ ਅਨੇਜਾ, ਪ੍ਰਿੰਸੀਪਲ ਸਾਹਿਬ ਨਰਿੰਦਰ ਸਿੰਘ,ਸੁਪਰਡੈਂਟ ਰਾਜੀਵ ਕੁਮਾਰ ਆਦਿ ਹਾਜ਼ਰ ਸਨ