
ਜੋਗਾ 3 ਅਗਸਤ (ਸਾਰਾ ਯਹਾ, ਗੋਪਾਲ) – ਪਿੰਡ ਅਕਲੀਆ ਵਿਖੇ ਲੜਕੀਆਂ ਵੱਲੋਂ ਸਥਾਪਿਤ ਮਾਤਾ ਖੀਵੀ ਯੁਵਕ ਭਲਾਈ ਕਲੱਬ ਦੀਆਂ ਲੜਕੀਆਂ ਨੇ ਅਨੋਖੇ ਢੰਗ ਨਾਲ ਰੱਖੜੀ ਮਨਾਈ । ਲੜਕੀਆਂ ਵੱਲੋਂ ਸਹਾਇਕ ਡਾਇਰੈਕਟਰ ਰਘਬੀਰ ਸਿੰਘ ਮਾਨ ਦੀ ਅਗਵਾਈ ਵਿੱਚ ਪਿੰਡ ਦੇ ਬੱਸ ਅੱਡੇ ਉੱਪਰ ਪੁਲਿਸ ਵਿਭਾਗ ਦੁਆਰਾ ਲਗਾਏ ਨਾਕੇ ਉੱਤੇ ਬਿਨਾਂ ਮਾਸਕ ਤੋਂ ਲੰਘ ਰਹੇ ਰਾਹਗੀਰਾਂ ਨੂੰ ਮਾਸਕ ਵੰਡੇ ਅਤੇ ਵਣ ਵਿਸਤਾਰ ਮੰਡਲ ਬਠਿੰਡਾ ਦੇ ਸਹਿਯੋਗ ਨਾਲ ਬਲਾਕ ਅਫ਼ਸਰ ਨਾਇਬ ਸਿੰਘ ਅਤੇ ਦਰੋਗਾ ਕੁਲਦੀਪ ਕੌਰ ਖਾਲਸਾ ਦੀ ਅਗਵਾਈ ਵਿੱਚ ਪੌਦੇ ਵੰਡੇ ਗਏ । ਇਸ ਤੋਂ ਇਲਾਵਾ ਪੌਦੇ ਲਗਾਏ ਗਏ ਅਤੇ ਪੁਰਾਣੇ ਦਰੱਖਤਾਂ ਦੇ ਰੱਖੜੀ ਬੰਨ੍ਹ ਕੇ ਉਹਨਾਂ ਦੀ ਰੱਖਿਆ ਕਰਨ ਦਾ ਪ੍ਰਣ ਲਿਆ । ਸਹਾਇਕ ਡਾਇਰੈਕਟਰ ਰਘਬੀਰ ਸਿੰਘ ਮਾਨ ਨੇ ਕਿਹਾ ਕਿ ਜਿਲ੍ਹੇ ਚ ਵਿੱਚ ਲੜਕੀਆਂ ਦਾ ਇਹ ਇੱਕੋ ਇਕ ਕਲੱਬ ਹੈ ਜੋ ਸਰਗਰਮੀਆਂ ਕਰਨ ਵਿਚ ਮੋਹਰੀ ਹੈ । ਉਨ੍ਹਾਂ ਨੇ ਦੱਸਿਆ ਕਿ ਮਿਸ਼ਨ ਫਤਹਿ ਤਹਿਤ ਕਲੱਬ ਵਲੋਂ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਹੀ ਮਾਸਕ ਵੰਡ ਕੇ ਲੋਕਾਂ ਨੂੰ ਮਾਸਕ ਪਹਿਨਣ, ਸਮੇਂ ਸਮੇਂ ਤੇ ਹੱਥ ਧੌਣ ਅਤੇ ਇੱਕਠ ਵਿਚ ਦੂਰੀ ਬਣਾ ਕੇ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ । ਕਲੱਬ ਦੀਆਂ ਲੜਕੀਆਂ ਦੁਆਰਾ ਕੋਵਾ ਪੰਜਾਬ ਐਪ ਵੀ ਡਾਉਨਲੋਡ ਕਰਵਾਈ ਜਾ ਰਹੀ ਹੈ । ਉਨ੍ਹਾਂ ਨੇ ਅੱਜ ਦੇ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਸ ਤਰ੍ਹਾਂ ਰੱਖੜੀ ਦਾ ਤਿਉਹਾਰ ਮਨਾਉਣਾ ਨਵੀਂ ਪਿਰਤ ਹੈ । ਉਨ੍ਹਾਂ ਨੇ ਕਲੱਬ ਨਾਲ ਜੁੜੀਆਂ ਲੜਕੀਆਂ ਦਾ ਵਿਸ਼ੇਸ ਸਨਮਾਨ ਵੀ ਕੀਤਾ । ਇਸ ਮੌਕੇ ਕਲੱਬ ਸਰਪ੍ਰਸਤ ਬਲਜੀਤ ਸਿੰਘ ਅਕਲੀਆ, ਕਲੱਬ ਪ੍ਰਧਾਨ ਰੁਚੀ ਸ਼ਰਮਾ, ਸੁਸ਼ਮਾ ਸਰਮਾ, ਨੈਨਿਕਾ ਸਿੰਗਲਾ, ਰਿੰਮੀ ਕੌਰ, ਹਰਮਨਪ੍ਰੀਤ ਕੌਰ, ਜਸ਼ਨਪ੍ਰੀਤ ਕੌਰ, ਅਮਨਦੀਪ ਕੌਰ, ਰਮਨਪ੍ਰੀਤ ਕੌਰ, ਲੱਕੀ ਸ਼ਰਮਾ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਕੁਲਵੀਰ ਸਿੰਘ ਆਦਿ ਹਾਜ਼ਰ ।
