ਮੁਬੰਈ: ਬੁੱਧਵਾਰ 29 ਅਪ੍ਰੈਲ ਫਿਲਮ ਇੰਡਸਟਰੀ ਲਈ ਸਦਮੇ ਵਜੋਂ ਸਾਹਮਣੇ ਆਇਆ। ਬਾਲੀਵੁੱਡ ਦੇ ਸਭ ਤੋਂ ਪਿਆਰੇ ਤੇ ਉੱਤਮ ਅਦਾਕਾਰਾਂ ਵਿੱਚੋਂ ਇੱਕ ਇਰਫਾਨ ਖਾਨ ਦੀ ਲੰਬੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ। ਇਰਫਾਨ 54 ਸਾਲਾਂ ਦਾ ਸੀ। ਇਰਫਾਨ ਦੇ ਦੇਹਾਂਤ ਨੇ ਪਹਿਲਾਂ ਤੋਂ ਹੀ ਦੁਖੀ ਪਰਿਵਾਰ ਨੂੰ ਹੋਰ ਹਿਲਾ ਕੇ ਰੱਖ ਦਿੱਤਾ। ਹਾਲ ਹੀ ਵਿੱਚ, ਇਰਫਾਨ ਦੀ ਮਾਂ ਦੀ ਵੀ ਮੌਤ ਹੋ ਗਈ ਸੀ ਤੇ ਪਰਿਵਾਰ ਅਜੇ ਵੀ ਉਸ ਸੋਗ ਵਿੱਚ ਸੀ।
ਇਰਫਾਨ ਦੀ ਮਾਂ ਸਈਦਾ ਬੇਗਮ ਦਾ ਸ਼ਨੀਵਾਰ 25 ਅਪ੍ਰੈਲ ਨੂੰ ਦਿਹਾਂਤ ਹੋ ਗਿਆ ਸੀ ਤੇ ਪਰਿਵਾਰ ਇਸੇ ਦੁੱਖ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਰਫਾਨ ਦੀ ਮਾਂ 95 ਸਾਲਾਂ ਦੀ ਸੀ ਤੇ ਉਸ ਨੇ ਜੈਪੁਰ ਵਿੱਚ ਆਖਰੀ ਸਾਹ ਲਏ। ਜਿਥੇ ਉਹ ਰਹਿੰਦੀ ਸੀ। ਹਾਲਾਂਕਿ, ਤਾਲਾਬੰਦੀ ਹੋਣ ਕਾਰਨ ਇਰਫਾਨ ਆਪਣੀ ਮਾਤਾ ਨੂੰ ਦਫਨਾਉਣ ਨਹੀਂ ਪਹੁੰਚ ਸਕਿਆ ਸੀ। ਰਿਪੋਰਟਾਂ ਅਨੁਸਾਰ ਇਰਫਾਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਮਾਂ ਨੂੰ ਸਪੁਰਦੇ ਖਾਕ ਕਿਤਾ ਸੀ।
ਇੱਕ ਦਿਨ ਪਹਿਲੇ ਹੀ ICU ‘ਚ ਭਰਤੀ ਹੋਏ ਸੀ ਇਰਫਾਨ
ਮੰਗਲਵਾਰ 28 ਅਪ੍ਰੈਲ ਨੂੰ ਹੀ ਇਰਫਾਨ ਨੂੰ ਸਾਹ ਲੈਣ ‘ਚ ਤਕਲੀਫ ਹੋਣ ਤੋਂ ਬਾਅਦ ਮੁਬੰਈ ਦੇ ਕੋਕਿਲਾਬੇਨ ਹਸਪਤਾਲ ਲੈ ਜਾਇਆ ਗਿਆ ਸੀ ਜਿਥੇ ਉਨ੍ਹਾਂ ਦੀ ਸਿਹਤ ਦੀ ਗੰਭੀਰਤਾ ਨੂੰ ਵੇਖਦੇ ਉਨ੍ਹਾਂ ਨੂੰ ICU ‘ਚ ਭਰਤੀ ਕੀਤਾ ਗਿਆ ਸੀ।
ਇਰਫਾਨ ਪਿਛਲੇ ਲਗਭਗ ਦੋ ਸਾਲਾਂ ਤੋਂ ਨਿਊਰੋਕਰਾਈਨ ਟਿਊਮਰ ਤੋਂ ਪੀੜਤ ਸੀ ਤੇ ਉਸ ਦਾ ਇਲਾਜ ਚੱਲ ਰਿਹਾ ਸੀ। ਉਹ ਇਲਾਜ ਲਈ ਵਿਦੇਸ਼ ਵੀ ਗਿਆ ਸੀ। ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਇੰਗਲਿਸ਼ ਮੀਡੀਅਮ ਦੇ ਟ੍ਰੇਲਰ ਰਿਲੀਜ਼ ਹੋਣ ਤੋਂ ਠੀਕ ਪਹਿਲਾਂ ਇਰਫਾਨ ਨੇ ਆਪਣੀ ਇੱਕ ਆਡੀਓ ਜਾਰੀ ਕੀਤੀ, ਜਿਸ ਵਿੱਚ ਉਸ ਨੇ ਕਿਹਾ ਕਿ ਉਸ ਦੇ ਸਰੀਰ ਵਿੱਚ ਕੁਝ ਗੈਰਜ਼ਰੂਰੀ ਮਹਿਮਾਨ ਹਨ ਜਿਨ੍ਹਾਂ ਨਾਲ ‘ਗੱਲਬਾਤ’ ਚੱਲ ਰਹੀ ਹੈ।
ਉਸ ਨੇ ਕਿਹਾ ਸੀ ਕਿ ਮਨੁੱਖ ਨੂੰ ਅਜਿਹੀ ਸਥਿਤੀ ਵਿੱਚ ਸਕਾਰਾਤਮਕ ਬਣੇ ਰਹਿਣਾ ਚਾਹੀਦਾ ਹੈ। ਉਸ ਨੇ ਇਹ ਵੀ ਕਿਹਾ ਕਿ ‘ਮੇਰਾ ਇੰਤਜ਼ਾਰ ਕਰਨਾ’।