*ਮਹਿਜ਼ ਢਾਈ ਮਹੀਨੇ ਮਿਲੇ, ਨਹੀਂ ਤਾਂ ਕੈਪਟਨ ਨੂੰ ਵੀ ਅੰਦਰ ਕਰ ਦਿੰਦਾ: ਸੁਖਜਿੰਦਰ ਰੰਧਾਵਾ*

0
62

ਗੁਰਦਾਸਪੁਰ 12,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਦੇ ਉਪ ਮੁਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਰਹੱਦੀ ਇਲਾਕੇ ਕਲਾਨੌਰ ਵਿੱਚ ਅੱਜ ਗੁਰੂ ਨਾਨਕ ਦੇਵ ਸ਼ੁਗਰਕੇਨ ਰਿਸਰਚ ਤੇ ਡਿਵੈਲਪਮੈਂਟ ਇੰਸਟੀਚਿਊਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਬਾਰੇ ਰੰਧਾਵਾ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਮਜੀਠੀਆ ਨੂੰ ਬੋਲਣ ਦੀ ਆਦਤ ਹੈ। ਜੇਕਰ ਉਨ੍ਹਾਂ ‘ਤੇ ਇਲਜ਼ਾਮ ਸੱਚ ਸਾਬਤ ਹੋਏ ਤਾਂ ਉਹ ਸਿਆਸਤ ਛੱਡ ਦੇਣਗੇ।

ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦੇ ਜਵਾਬ ਵਿੱਚ ਰੰਧਾਵਾ ਨੇ ਕਿਹਾ ਕਿ ਖੁਦ ਅਮਰਿੰਦਰ ਸਿੰਘ ਸਹੁੰ ਚੁੱਕ ਕੇ ਸਾਢੇ ਚਾਰ ਸਾਲ ਬਾਦਲ ਪਰਿਵਾਰ ਨਾਲ ਰਿਸ਼ਤੇਦਾਰੀ ਨਿਭਾਉਂਦੇ ਰਹੇ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਮਹਿਜ਼ ਢਾਈ ਮਹੀਨੇ ਦਾ ਸਮਾਂ ਮਿਲਿਆ ਹੈ। ਜੇਕਰ ਵੱਧ ਹੁੰਦਾ ਤਾਂ ਅਮਰਿੰਦਰ ਸਿੰਘ ਨੂੰ ਵੀ ਅੰਦਰ ਕਰ ਦੇਣਾ ਸੀ।

ਸੁਖਜਿੰਦਰ ਰੰਧਾਵਾ ਨੇ ਬੇਅਦਬੀ ਮਾਮਲੇ ਵਿੱਚ ਕਿਹਾ ਕਿ ਉਨ੍ਹਾਂ ਦੀ ਵਿਸ਼ੇਸ਼ ਜਾਂਚ ਟੀਮ ਤੇਜ਼ੀ ਨਾਲ ਕੰਮ ਕਰ ਰਹੀ ਹੈ ਪਰ ਉਸ ਦੇ ਨਾਲ ਹੀ ਅਦਾਲਤਾਂ ਦੇ ਹੁਕਮ ਵੀ ਮੰਨਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਇਨਸਾਫ ਹੋਏਗਾ। ਵਿਸ਼ੇਸ਼ ਜਾਂਚ ਟੀਮ ਨਿਰਪੱਖ ਜਾਂਚ ਕਰ ਰਹੀ ਹੈ ਜਿਸ ਦੇ ਨਤੀਜੇ ਛੇਤੀ ਹੀ ਸਾਹਮਣੇ ਹੋਣਗੇ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਸਕੂਲਾਂ ਤੇ ਹੋਰਨਾਂ ਮੁੱਦਿਆਂ ‘ਤੇ ਚੁੱਕੇ ਜਾ ਰਹੇ ਸਵਾਲਾਂ ਬਾਰੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਅੱਜ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਵੱਡਾ ਵਿਕਾਸ ਹੋਇਆ ਹੈ। ਇਹ ਪੰਜਾਬ ਦੇ ਲੋਕ ਜਾਣਦੇ ਹਨ ਤੇ ਪੰਜਾਬ ਦੇ ਹਰ ਸਰਹੱਦੀ ਤੇ ਸ਼ਹਿਰੀ ਇਲਾਕਿਆਂ ਵਿੱਚ ਸੜਕਾਂ ਗਲ਼ੀਆਂ ਤੇ ਹੋਰ ਵਿਕਾਸ ਹੋਇਆ ਹੈ ਜੋ ਦਿੱਲੀ ਦੇ ਮੁਕਾਬਲੇ ਕੀਤੇ ਚੰਗਾ ਹੈ। 

LEAVE A REPLY

Please enter your comment!
Please enter your name here