ਚੰਡੀਗੜ੍ਹ, 17 ਜੁਲਾਈ (ਸਾਰਾ ਯਹਾ/ਬਲਜੀਤ ਸ਼ਰਮਾਂ) ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੁਣਵਾਈ ਅਧੀਨ ਮਾਮਲਿਆਂ ਦਾ ਨਬੇੜਾ ਈ-ਕੋਰਟ ਰਾਹੀਂ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਮਹਿਲਾ ਕਮਿਸ਼ਨ ਵਿਖੇ ਹਾਲ ਦੀ ਘੜੀ ਨਿੱਜੀ ਸੁਣਵਾਈ ਲਈ ਕੋਰਟ ਆਦਿ ਨਹੀਂ ਲਗਾਈ ਜਾ ਰਹੀ ਹੈ । ਇਸ ਲਈ ਪੰਜਾਬ ਰਾਜ ਮਹਿਲਾ ਕਮਿਸ਼ਨ ਵਿਖੇ ਔਰਤਾਂ ਵਲੋਂ ਭੇਜੀਆਂ ਜਾ ਰਹੀਆਂ ਸ਼ਿਕਾਇਤਾਂ ਅਤੇ ਕਮਿਸ਼ਨ ਵਿਖੇ ਦਿਨ-ਪ੍ਰਤੀ-ਦਿਨ ਵਧਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਕਮਿਸ਼ਨ ਵੱਲੋਂ ਈ-ਕੋਰਟ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਈ-ਕੋਰਟ 23 ਜੁਲਾਈ, 2020 ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗੀ।
ਉਨ੍ਹਾਂ ਦੱਸਿਆ ਕਿ ਈ-ਕੋਰਟ ਜ਼ੂਮ ਐਪ ਰਾਹੀਂ ਲਗਾਈ ਜਾਵੇਗੀ ਅਤੇ ਕੇਸ ਦੀ ਸੁਣਵਾਈ ਸਮੇਂ ਸਬੰਧਤ ਜ਼ਿਲ੍ਹੇ ਦੇ ਕ੍ਰਾਈਮ ਅਗੇਂਸਟ ਵੂਮੈਨ ਨਾਲ ਸਬੰਧਤ ਡੀਸੀਪੀ/ਏਸੀਪੀ/ਐਸਪੀ/ਡੀਐਸਪੀ ਮੌਕੇ ‘ਤੇ ਹਾਜ਼ਰ ਰਹਿਣਗੇ ਤਾਂ ਜੋ ਕਮਿਸ਼ਨ ਵੱਲੋਂ ਪੀੜਤ ਔਰਤ ਦੇ ਕੇਸ ਨਾਲ ਸਬੰਧਤ ਮੌਕੇ ‘ਤੇ ਲਏ ਗਏ ਫੈਸਲੇ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।