
ਚੰਡੀਗੜ੍ਹ: ਪੰਜਾਬੀ ਗਾਇਕ ਹਰਜੀਤ ਹਰਮਨ ਅਤੇ ਸਪੀਡ ਰਿਕਾਰਡ ਕੰਪਨੀ ਦੇ ਮਾਲਕ ਬਲਵਿੰਦਰ ਸਿੰਘ ਅੱਜ ਮੁਹਾਲੀ ਸਥਿਤ ਮਹਿਲਾ ਕਮੀਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਸਾਹਮਣੇ ਪੇਸ਼ ਹੋਏ।
ਪੰਜਾਬ ਰਾਜ ਮਹਿਲਾ ਕਮੀਸ਼ਨ ਸਾਹਮਣੇ ਪੇਸ਼ ਹੋਏ ਹਰਜੀਤ ਹਰਮਨ ਨੇ ਕਮਿਸ਼ਨ ਸਾਮਣੇ ਦਸਿਆ ਕਿ ਪੰਜਾਬ ਅਤੇ ਪੰਜਾਬੀ ਬੋਲੀ ਲਈ ਉਹ ਸ਼ੁਰੂ ਤੋਂ ਹੀ ਕੰਮ ਕਰਦੇ ਰਹੇ ਹਨ ਅਤੇ ਭਵਿਖ ਵਿਚ ਵੀ ਕਰਦੇ ਰਹਿਣਗੇ।ਹਰਜੀਤ ਹਰਮਨ ਨੇ ਇਹ ਵੀ ਕਿਹਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਲਈ ਵੀ ਉਹ ਆਉਣ ਵਾਲੇ ਸਮੇਂ ਵਿੱਚ ਗੀਤ ਗਾਉਣਗੇ।
ਇਸ ਮੁਲਾਕਾਤ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਜਿਸ ਸ਼ਿਕਾਇਤ ਸੰਬਧੀ ਗਾਇਕ ਹਰਜੀਤ ਹਰਮਨ ਨੂੰ ਬੁਲਾਇਆ ਗਿਆ ਸੀ ਉਸ ਸੰਬਧੀ ਅੱਜ ਉਨਾਂ ਤੋਂ ਪੁਛਗਿੱਛ ਕੀਤੀ ਹੈ ਅਤੇ ਸ਼ਿਕਾਇਤ ਸੰਬਧੀ ਉਨਾਂ ਨੇ ਸਵਾਲਾਂ ਦੇ ਸਾਰੇ ਜਵਾਬ ਦਿੱਤੇ ਹਨ।
ਪੰਜਾਬ ਦੇ ਗਾਇਕ ਕਰਨ ਔਜਲਾ ਤੇ ਹਰਜੀਤ ਹਰਮਨ ਦਾ ਹਾਲ ਹੀ ਵਿੱਚ ਸ਼ਰਾਬ ਟਾਈਟਲ ਵਾਲਾ ਇੱਕ ਗਾਣਾ ਆਇਆ ਸੀ। ਇਸ ਵਿੱਚ ਉਨ੍ਹਾਂ ਨੇ ਔਰਤ ਦੀ ਤੁਲਨਾ ਸ਼ਰਾਬ, ਨਸ਼ੇ ਤੇ ਬੰਦੂਕ ਨਾਲ ਕੀਤੀ ਸੀ।
ਚੰਡੀਗੜ੍ਹ ਦੇ ਵਸਨੀਕ ਪੰਡਿਤਰਾਓ ਧਰਨੇਸ਼ਵਰ ਨੇ ਇਹ ਗੀਤ ਸੁਣਿਆ ਤੇ ਪੰਜਾਬ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ ਕੀਤੀ। ਕਮਿਸ਼ਨ ਨੇ 16 ਸਤੰਬਰ ਨੂੰ ਇਹ ਦੋਵੇਂ ਗਾਇਕ ਤੇ ਗੀਤ ਰਿਲੀਜ਼ ਕਰਨ ਵਾਲੀ ਕੰਪਨੀ ਸਪੀਡ ਰਿਕਾਰਡਜ਼ ਦੇ ਮਾਲਕ ਨੂੰ ਸੰਮਨ ਜਾਰੀ ਕੀਤੇ ਸੀ।
ਇਸ ਲਈ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਇਸ ਦਾ ਨੋਟਿਸ ਲਿਆ ਸੀ। ਇਸ ਲਈ ਤਿੰਨਾਂ ਨੂੰ 22 ਸਤੰਬਰ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ਸੀ।ਪਰ ਇਨ੍ਹਾਂ ਵਿੱਚੋਂ ਕਰਨ ਔਜਲਾ ਨੇ ਵੀਡੀਓ ਕਾਲ ਰਾਹੀਂ ਅਤੇ ਹਰਜੀਤ ਹਰਮਨ ਨੇ ਵੀਡੀਓ ਸੰਦੇਸ਼ ਰਾਹੀਂ ਮਹਿਲਾ ਕਮਿਸ਼ਨ ਅਗੇ ਆਪਣਾ ਪੱਖ ਰੱਖ ਦਿੱਤਾ ਸੀ।
ਮਨੀਸ਼ਾ ਗੁਲਾਟੀ ਨੇ ਇਹ ਵੀ ਤਾੜਨਾ ਕੀਤੀ ਹੈ ਕਿ ਜੋ ਲੋਕ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਝੂਠੀਆਂ ਸ਼ਿਕਾਇਤਾਂ ਭੇਜਦੇ ਹਨ ਉਹ ਬਾਜ ਆ ਜਾਣ ਨਹੀਂ ਤਾਂ ਉਨਾਂ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ।
